ਨਵੀਂ ਦਿੱਲੀ: ਬਿਹਾਰ ਦੇ ਪੂਰਨੀਆ ਤੋਂ ਆਜ਼ਾਦ ਸੰਸਦ ਮੈਂਬਰ ਪੱਪੂ ਯਾਦਵ ਦੀ ਦਿੱਲੀ ਸਥਿਤ ਰਿਹਾਇਸ਼ ‘ਤੇ ਉਸ ਵੇਲੇ ਹੰਗਾਮਾ ਹੋ ਗਿਆ, ਜਦੋਂ ਪ੍ਰੈੱਸ ਕਾਨਫਰੰਸ ਦੌਰਾਨ ਇੱਕ ਵਿਅਕਤੀ ਨੇ ਉਨ੍ਹਾਂ ਵੱਲ ਜੁੱਤਾ ਸੁੱਟ ਦਿੱਤਾ। ਇਸ ਘਟਨਾ ਨਾਲ ਮੌਕੇ ‘ਤੇ ਹਫੜਾ-ਤਫੜੀ ਮਚ ਗਈ। ਪੱਪੂ ਯਾਦਵ ਦੇ ਸਮਰਥਕਾਂ ਨੇ ਤੁਰੰਤ ਦੋਸ਼ੀ ਨੂੰ ਕਾਬੂ ਕਰ ਲਿਆ ਅਤੇ ਉਸ ਨਾਲ ਕੁੱਟਮਾਰ ਕੀਤੀ। ਬਾਅਦ ਵਿੱਚ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ।
ਪੱਪੂ ਯਾਦਵ ਨੇ ਦੋਸ਼ ਲਗਾਇਆ ਕਿ ਹਮਲਾਵਰ ਚਾਕੂ ਲੈ ਕੇ ਆਇਆ ਸੀ ਅਤੇ ਉਨ੍ਹਾਂ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਕੁਝ ਲੋਕ ਲਗਾਤਾਰ ਉਨ੍ਹਾਂ ਖ਼ਿਲਾਫ਼ ਭੜਕਾਊ ਬਿਆਨ ਦੇ ਰਹੇ ਹਨ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਪੱਪੂ ਯਾਦਵ ਨੇ ਦਾਅਵਾ ਕੀਤਾ ਕਿ ਦੋਸ਼ੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ ਅਤੇ ਉਸ ਖ਼ਿਲਾਫ਼ ਐੱਫਆਈਆਰ ਦਰਜ ਕਰ ਲਈ ਗਈ ਹੈ।
ਇਸ ਘਟਨਾ ਤੋਂ ਪਹਿਲਾਂ ਵੀ ਪੱਪੂ ਯਾਦਵ ਵਿਵਾਦਾਂ ਵਿੱਚ ਰਹੇ ਹਨ। ਵਾਰਾਣਸੀ ਵਿੱਚ ਕਾਂਗਰਸ ਨੇਤਾ ਰਾਹੁਲ ਗਾਂਧੀ, ਪੱਪੂ ਯਾਦਵ ਅਤੇ ਸੰਸਦ ਮੈਂਬਰ ਅਵਧੇਸ਼ ਪ੍ਰਸਾਦ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਸੀ। ਇਹ ਕਾਰਵਾਈ ਸੰਸਦ ਭਵਨ ਦੇ ਬਾਹਰ ਰਾਮ ਮੰਦਰ ਦੇ ਚੜ੍ਹਾਵੇ ਨਾਲ ਜੁੜੇ ਮੁੱਦੇ ‘ਤੇ ਕੀਤੀ ਗਈ ਨਾਟਕੀ ਪੇਸ਼ਕਾਰੀ ਨੂੰ ਲੈ ਕੇ ਹੋਈ ਸੀ।
ਸ਼ਿਕਾਇਤਕਰਤਾਵਾਂ ਦਾ ਦੋਸ਼ ਹੈ ਕਿ ਸੰਸਦ ਪਰਿਸਰ ਵਿੱਚ ਚੜ੍ਹਾਵੇ ਦੀ ਚੋਰੀ ਦੇ ਨਾਮ ‘ਤੇ ਕੀਤੀ ਗਈ ਪੇਸ਼ਕਾਰੀ ਨਾਲ ਸਨਾਤਨ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਸੰਤ ਸਮਾਜ ਨੇ ਇਸ ਘਟਨਾ ‘ਤੇ ਇਤਰਾਜ਼ ਜਤਾਉਂਦੇ ਹੋਏ ਇਸ ਨੂੰ ਸਨਾਤਨ ਦਾ ਅਪਮਾਨ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।
ਫਿਲਹਾਲ ਦਿੱਲੀ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਮਲੇ ਦੇ ਕਾਰਨਾਂ ਅਤੇ ਦੋਸ਼ੀ ਦੇ ਇਰਾਦਿਆਂ ਬਾਰੇ ਜਾਂਚ ਤੋਂ ਬਾਅਦ ਹੀ ਹੋਰ ਜਾਣਕਾਰੀ ਸਾਹਮਣੇ ਆਵੇਗੀ।