Chandigarh InDrive Ban:ਚੰਡੀਗੜ੍ਹ ਪ੍ਰਸ਼ਾਸਨ ਨੇ ਐਪ-ਅਧਾਰਤ ਕੈਬ ਅਤੇ ਬਾਈਕ ਟੈਕਸੀ ਸੇਵਾਵਾਂ ’ਤੇ ਸਖ਼ਤੀ ਵਧਾ ਦਿੱਤੀ ਹੈ। ਓਲਾ ਤੋਂ ਬਾਅਦ ਹੁਣ InDrive ਦਾ ਐਗਰੀਗੇਟਰ ਲਾਇਸੈਂਸ ਵੀ ਛੇ ਮਹੀਨਿਆਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ 10 ਅਗਸਤ 2026 ਤੋਂ ਲਾਗੂ ਹੋ ਗਈ ਹੈ।ਸਟੇਟ ਟਰਾਂਸਪੋਰਟ ਅਥਾਰਟੀ ਨੇ InDrive ਦੀ ਸੇਵਾ ਚਲਾਉਣ ਵਾਲੀ ਇੰਡਸਿਸਟਮ ਆਈਟੀ ਪ੍ਰਾਈਵੇਟ ਲਿਮਟਿਡ ਦਾ ਲਾਇਸੈਂਸ ਮੁਅੱਤਲ ਕੀਤਾ ਹੈ। ਕੰਪਨੀ ਨੂੰ ਚੰਡੀਗੜ੍ਹ ਵਿੱਚ ਕੈਬ ਅਤੇ ਬਾਈਕ ਟੈਕਸੀ ਚਲਾਉਣ ਤੋਂ ਰੋਕ ਦਿੱਤਾ ਗਿਆ ਹੈ।ਇਸ ਦੇ ਨਾਲ ਹੀ InDrive ਨਾਲ ਜੁੜੇ ਡਰਾਈਵਰਾਂ ਅਤੇ ਵਾਹਨ ਮਾਲਕਾਂ ਨੂੰ ਵੀ ਬੁਕਿੰਗ ਲੈਣ ਤੋਂ ਮਨ੍ਹਾਂ ਕੀਤਾ ਗਿਆ ਹੈ। ਅਥਾਰਟੀ ਨੇ ਲੋਕਾਂ ਨੂੰ ਵੀ InDrive ਰਾਹੀਂ ਕੈਬ ਜਾਂ ਬਾਈਕ ਟੈਕਸੀ ਬੁੱਕ ਨਾ ਕਰਨ ਦੀ ਅਪੀਲ ਕੀਤੀ ਹੈ।
ਚੰਡੀਗੜ੍ਹ ’ਚ ਹੁਣ ਨਹੀਂ ਚੱਲੇਗੀ InDrive ਕੈਬ
ਹੁਣ ਯਾਤਰੀ InDrive ਐਪ ਰਾਹੀਂ ਕੈਬ ਜਾਂ ਬਾਈਕ ਟੈਕਸੀ ਬੁੱਕ ਨਹੀਂ ਕਰ ਸਕਣਗੇ। ਡਰਾਈਵਰਾਂ ਅਤੇ ਵਾਹਨ ਮਾਲਕਾਂ ਨੂੰ ਵੀ ਸੇਵਾ ਬੰਦ ਰੱਖਣ ਦੇ ਨਿਰਦੇਸ਼ ਦਿੱਤੇ ਗਏ ਹਨ।ਹੁਕਮਾਂ ਦੀ ਉਲੰਘਣਾ ਕਰਨ ’ਤੇ ਚਲਾਨ ਦੇ ਨਾਲ ਵਾਹਨ ਜ਼ਬਤ ਵੀ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਆਮ ਲੋਕਾਂ ਨੂੰ InDrive ਰਾਹੀਂ ਕੈਬ ਜਾਂ ਬਾਈਕ ਟੈਕਸੀ ਬੁੱਕ ਨਾ ਕਰਨ ਦੀ ਅਪੀਲ ਕੀਤੀ ਹੈ। ਅਸੁਵਿਧਾ ਤੋਂ ਬਚਣ ਲਈ ਯਾਤਰੀਆਂ ਨੂੰ ਸਟੇਟ ਟਰਾਂਸਪੋਰਟ ਅਥਾਰਟੀ ਨਾਲ ਰਜਿਸਟਰਡ ਵਿਕਲਪਿਕ ਮੋਬਾਈਲ ਐਪਸ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ ਹੈ।
ਪਹਿਲਾਂ Ola ਦਾ ਵੀ ਸਸਪੈਂਡ ਹੋਇਆ ਸੀ ਲਾਇਸੈਂਸ
InDrive ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ 17 ਜੂਨ 2026 ਨੂੰ ANI Technologies Private Limited, ਜਿਸ ਨੂੰ Ola ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦਾ ਐਗਰੀਗੇਟਰ ਲਾਇਸੈਂਸ ਵੀ ਛੇ ਮਹੀਨਿਆਂ ਲਈ ਸਸਪੈਂਡ ਕੀਤਾ ਸੀ। ਇਸ ਮਾਮਲੇ ਵਿੱਚ ਪ੍ਰਸ਼ਾਸਨ ਨੂੰ ਕੰਪਨੀ ਖ਼ਿਲਾਫ਼ ਕਈ ਸ਼ਿਕਾਇਤਾਂ ਮਿਲੀਆਂ ਸਨ।ਸ਼ਿਕਾਇਤਾਂ ਵਿੱਚ ਚੰਡੀਗੜ੍ਹ ਮੋਟਰ ਵਹੀਕਲ ਐਗਰੀਗੇਟਰ ਨਿਯਮ, 2025 ਦੀ ਪਾਲਣਾ ਨਾ ਕਰਨਾ, ਡਰਾਈਵਰਾਂ ਦੀ ਬੀਮਾ ਕਵਰੇਜ, ਸਿਖਲਾਈ ਅਤੇ ਕਿਰਾਏ ਨਾਲ ਸਬੰਧਤ ਪ੍ਰਬੰਧ ਸ਼ਾਮਲ ਸਨ। ਇਸ ਤੋਂ ਇਲਾਵਾ ਕੰਪਨੀ ਦੇ ਸੰਚਾਲਨ ਅਤੇ ਹੋਰ ਰੈਗੂਲੇਟਰੀ ਨਿਯਮਾਂ ਦੀ ਪਾਲਣਾ ਨੂੰ ਲੈ ਕੇ ਵੀ ਸਵਾਲ ਉਠੇ ਸਨ।
Ola, Uber, Rapido ਅਤੇ InDrive ਨੂੰ ਪਹਿਲਾਂ ਨੋਟਿਸ
ਦੱਸ ਦਈਏ ਕਿ ਚੰਡੀਗੜ੍ਹ ਵਿੱਚ ਐਗਰੀਗੇਟਰ ਕੰਪਨੀਆਂ ਖ਼ਿਲਾਫ਼ ਪ੍ਰਸ਼ਾਸਨ ਦੀ ਕਾਰਵਾਈ ਪਹਿਲਾਂ ਤੋਂ ਹੀ ਜਾਰੀ ਹੈ। ਅਕਤੂਬਰ 2025 ਵਿੱਚ Ola, Uber, Rapido ਅਤੇ InDrive ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਸਨ।ਉਸ ਸਮੇਂ ਇਨ੍ਹਾਂ ਕੰਪਨੀਆਂ ਨੂੰ ਨਿਰਧਾਰਤ ਨਿਯਮਾਂ ਦੀ ਪਾਲਣਾ ਕਰਨ ਲਈ ਸਮਾਂ ਦਿੱਤਾ ਗਿਆ ਸੀ। ਇਸ ਦੌਰਾਨ ਚੰਡੀਗੜ੍ਹ ਵਿੱਚ ਦਫ਼ਤਰ, ਨਿਰਧਾਰਤ ਕਿਰਾਏ, ਡਰਾਈਵਰ ਬੀਮਾ, ਸਿਖਲਾਈ ਅਤੇ ਹੋਰ ਰੈਗੂਲੇਟਰੀ ਪ੍ਰਬੰਧਾਂ ਸਬੰਧੀ ਜਾਣਕਾਰੀ ਮੰਗੀ ਗਈ ਸੀ।ਹੁਣ InDrive ਦਾ ਲਾਇਸੈਂਸ ਛੇ ਮਹੀਨਿਆਂ ਲਈ ਮੁਅੱਤਲ ਹੋਣ ਨਾਲ ਚੰਡੀਗੜ੍ਹ ਵਿੱਚ ਐਪ-ਅਧਾਰਤ ਕੈਬ ਅਤੇ ਬਾਈਕ ਟੈਕਸੀ ਸੇਵਾਵਾਂ ਨੂੰ ਲੈ ਕੇ ਪ੍ਰਸ਼ਾਸਨ ਦੀ ਸਖ਼ਤੀ ਹੋਰ ਵਧ ਗਈ ਹੈ।
