Economy News : ਰਸੋਈ ਦੇ ਬਜਟ ਤੋਂ ਲੈ ਕੇ ਰੋਜ਼ਾਨਾ ਦੀਆਂ ਜ਼ਰੂਰਤਾਂ ਤੱਕ ਮਹਿੰਗਾਈ ਦਾ ਦਬਾਅ ਇਕ ਵਾਰ ਫਿਰ ਵਧਦਾ ਨਜ਼ਰ ਆ ਰਿਹਾ ਹੈ। ਸਰਕਾਰ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਜੁਲਾਈ ਵਿੱਚ ਦੇਸ਼ ਦੀ ਖੁਦਰਾ ਮਹਿੰਗਾਈ ਦਰ ਵਧ ਕੇ 4.45 ਫ਼ੀਸਦੀ ਹੋ ਗਈ, ਜਦਕਿ ਜੂਨ ਵਿੱਚ ਇਹ 4.38 ਫ਼ੀਸਦੀ ਸੀ। ਹਾਲਾਂਕਿ ਇਹ ਅੰਕੜਾ ਮਾਹਰਾਂ ਦੇ 4.50 ਫ਼ੀਸਦੀ ਦੇ ਅਨੁਮਾਨ ਤੋਂ ਥੋੜ੍ਹਾ ਘੱਟ ਹੈ, ਪਰ ਮਹਿੰਗਾਈ ਦਰ ਅਜੇ ਵੀ ਭਾਰਤੀ ਰਿਜ਼ਰਵ ਬੈਂਕ ਦੇ 4 ਫ਼ੀਸਦੀ ਟੀਚੇ ਤੋਂ ਉੱਪਰ ਹੈ।
ਮਹਿੰਗਾਈ ਵਧਣ ਦਾ ਸਭ ਤੋਂ ਵੱਡਾ ਕਾਰਨ ਖਾਣ-ਪੀਣ ਦੀਆਂ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਦੱਸਿਆ ਜਾ ਰਿਹਾ ਹੈ। ਖੁਰਾਕੀ ਮਹਿੰਗਾਈ ਜੂਨ ਦੇ 5.32 ਫ਼ੀਸਦੀ ਤੋਂ ਵਧ ਕੇ ਜੁਲਾਈ ਵਿੱਚ 5.52 ਫ਼ੀਸਦੀ ਹੋ ਗਈ।ਪਿੰਡਾਂ ਵਿੱਚ ਇਸ ਦਾ ਅਸਰ ਸ਼ਹਿਰੀ ਖੇਤਰਾਂ ਨਾਲੋਂ ਵੱਧ ਦੇਖਣ ਨੂੰ ਮਿਲਿਆ। ਪੇਂਡੂ ਖੇਤਰਾਂ ਵਿੱਚ ਖੁਰਾਕੀ ਮਹਿੰਗਾਈ ਦਰ 5.79 ਫ਼ੀਸਦੀ, ਜਦਕਿ ਸ਼ਹਿਰੀ ਖੇਤਰਾਂ ਵਿੱਚ ਇਹ 5.05 ਫ਼ੀਸਦੀ ਰਹੀ।
ਪਿਆਜ਼, ਲਸਣ ਤੇ ਅਦਰਕ ਦੀਆਂ ਕੀਮਤਾਂ ਨੇ ਕੀਤਾ ਪਰੇਸ਼ਾਨ
ਸਬਜ਼ੀਆਂ ਅਤੇ ਮਸਾਲਿਆਂ ਦੀਆਂ ਕੀਮਤਾਂ ਨੇ ਖਾਸ ਤੌਰ ’ਤੇ ਲੋਕਾਂ ਦੇ ਘਰੇਲੂ ਬਜਟ ’ਤੇ ਅਸਰ ਪਾਇਆ ਹੈ। ਅੰਕੜਿਆਂ ਮੁਤਾਬਕ ਪਿਆਜ਼ ਦੀ ਮਹਿੰਗਾਈ 4.73 ਫ਼ੀਸਦੀ ਤੋਂ ਵਧ ਕੇ 22.54 ਫ਼ੀਸਦੀ ਹੋ ਗਈ।ਇਸੇ ਤਰ੍ਹਾਂ ਲਸਣ ਦੀਆਂ ਕੀਮਤਾਂ ਵਿੱਚ ਮਹਿੰਗਾਈ 35.36 ਫ਼ੀਸਦੀ ਅਤੇ ਅਦਰਕ ਵਿੱਚ ਇਹ ਵਧ ਕੇ 83.62 ਫ਼ੀਸਦੀ ਤੱਕ ਪਹੁੰਚ ਗਈ। ਹਾਲਾਂਕਿ ਹਰ ਸਬਜ਼ੀ ਮਹਿੰਗੀ ਨਹੀਂ ਹੋਈ। ਆਲੂ ਦੀਆਂ ਕੀਮਤਾਂ ਵਿੱਚ 16.56 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ, ਜਦਕਿ ਭਿੰਡੀ, ਮਟਰ ਅਤੇ ਟਮਾਟਰ ਦੀਆਂ ਕੀਮਤਾਂ ਵਿੱਚ ਵੀ ਕੁਝ ਰਾਹਤ ਮਿਲੀ।
ਰਸੋਈ ਤੋਂ ਬਾਹਰ ਵੀ ਮਹਿੰਗਾਈ ਦਾ ਅਸਰ
ਮਹਿੰਗਾਈ ਦਾ ਦਬਾਅ ਸਿਰਫ਼ ਖਾਣ-ਪੀਣ ਦੀਆਂ ਚੀਜ਼ਾਂ ਤੱਕ ਸੀਮਤ ਨਹੀਂ ਹੈ। ਆਵਾਜਾਈ, ਹੋਟਲ ਅਤੇ ਰੈਸਟੋਰੈਂਟ, ਨਿੱਜੀ ਦੇਖਭਾਲ, ਸਿੱਖਿਆ ਅਤੇ ਹੋਰ ਸੇਵਾਵਾਂ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।ਰੈਸਟੋਰੈਂਟ ਅਤੇ ਰਿਹਾਇਸ਼ੀ ਸੇਵਾਵਾਂ ਦੀ ਮਹਿੰਗਾਈ 7.72 ਫ਼ੀਸਦੀ ਰਹੀ। ਇਸ ਤੋਂ ਇਲਾਵਾ ਕੱਪੜੇ ਅਤੇ ਜੁੱਤੀਆਂ 3.38 ਫ਼ੀਸਦੀ, ਸਿੱਖਿਆ 3.64 ਫ਼ੀਸਦੀ ਅਤੇ ਸਿਹਤ ਸੇਵਾਵਾਂ 1.34 ਫ਼ੀਸਦੀ ਮਹਿੰਗੀਆਂ ਹੋਈਆਂ।
ਮੱਧ ਵਰਗ ’ਤੇ ਵਧ ਰਿਹਾ ਬਜਟ ਦਾ ਬੋਝ
ਖਾਣ-ਪੀਣ ਤੋਂ ਲੈ ਕੇ ਸਿੱਖਿਆ, ਸਿਹਤ ਅਤੇ ਰੋਜ਼ਾਨਾ ਦੀਆਂ ਹੋਰ ਜ਼ਰੂਰਤਾਂ ਮਹਿੰਗੀਆਂ ਹੋਣ ਨਾਲ ਆਮ ਪਰਿਵਾਰਾਂ ਦਾ ਮਹੀਨਾਵਾਰ ਬਜਟ ਪ੍ਰਭਾਵਿਤ ਹੋ ਰਿਹਾ ਹੈ। ਖਾਸ ਕਰਕੇ ਮੱਧ ਵਰਗ ਲਈ ਵਧਦੀਆਂ ਕੀਮਤਾਂ ਬੱਚਤ ਅਤੇ ਘਰੇਲੂ ਖਰਚਿਆਂ ਵਿਚਕਾਰ ਸੰਤੁਲਨ ਬਣਾਉਣਾ ਹੋਰ ਮੁਸ਼ਕਲ ਕਰ ਰਹੀਆਂ ਹਨ।
