Earthquake News : ਲੱਦਾਖ ਦੇ ਲੇਹ ਵਿੱਚ ਵੀਰਵਾਰ ਸਵੇਰੇ ਧਰਤੀ ਜ਼ੋਰਦਾਰ ਢੰਗ ਨਾਲ ਕੰਬੀ। ਸਵੇਰੇ ਕਰੀਬ 6:05 ਵਜੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਚਾਨਕ ਆਏ ਝਟਕਿਆਂ ਕਾਰਨ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਅਤੇ ਕਈ ਵਸਨੀਕ ਘਬਰਾ ਕੇ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।
ਮਿਲੀ ਜਾਣਕਾਰੀ ਮੁਤਾਬਕ ਲੇਹ ਵਿੱਚ ਆਏ ਇਸ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 5.5 ਦੇ ਕਰੀਬ ਦਰਜ ਕੀਤੀ ਗਈ, ਜਦਕਿ ਇਸ ਦੀ ਡੂੰਘਾਈ ਲਗਭਗ 10 ਕਿਲੋਮੀਟਰ ਦੱਸੀ ਗਈ ਹੈ। ਸਵੇਰ ਦਾ ਸਮਾਂ ਹੋਣ ਕਾਰਨ ਜਦੋਂ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੁੱਤੇ ਹੋਏ ਸਨ, ਅਚਾਨਕ ਆਏ ਝਟਕਿਆਂ ਨੇ ਲੋਕਾਂ ਨੂੰ ਡਰਾ ਦਿੱਤਾ।ਭੂਚਾਲ ਦੇ ਝਟਕੇ ਮਹਿਸੂਸ ਹੁੰਦੇ ਹੀ ਇਲਾਕੇ ਵਿੱਚ ਕੁਝ ਸਮੇਂ ਲਈ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਲੋਕ ਸੁਰੱਖਿਆ ਲਈ ਘਰਾਂ ਤੋਂ ਬਾਹਰ ਆ ਗਏ।
ਜਾਨੀ-ਮਾਲੀ ਨੁਕਸਾਨ ਦੀ ਖ਼ਬਰ ਨਹੀਂ
ਰਾਹਤ ਦੀ ਗੱਲ ਇਹ ਹੈ ਕਿ ਫਿਲਹਾਲ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਸਾਹਮਣੇ ਨਹੀਂ ਆਈ ਹੈ। ਹਾਲਾਂਕਿ ਭੂਚਾਲ ਤੋਂ ਬਾਅਦ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਏਜੰਸੀਆਂ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ।
ਜੰਮੂ-ਕਸ਼ਮੀਰ ’ਚ ਵੀ ਮਹਿਸੂਸ ਹੋਏ ਝਟਕੇ
ਇਸ ਤੋਂ ਇਲਾਵਾ ਵੀਰਵਾਰ ਨੂੰ ਜੰਮੂ-ਕਸ਼ਮੀਰ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ। ਇਸ ਕਾਰਨ ਵੀ ਲੋਕ ਘਬਰਾ ਗਏ ਅਤੇ ਕਈ ਲੋਕ ਆਪਣੇ ਘਰਾਂ ਤੋਂ ਬਾਹਰ ਆ ਗਏ। ਦੱਸਿਆ ਗਿਆ ਕਿ ਇਸ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦਾ ਹਿੰਦੂ ਕੁਸ਼ ਖੇਤਰ ਸੀ।ਭੂਚਾਲ ਤੋਂ ਬਾਅਦ ਲੋਕਾਂ ਨੂੰ ਘਬਰਾਉਣ ਦੀ ਬਜਾਏ ਸਾਵਧਾਨ ਰਹਿਣ ਅਤੇ ਪ੍ਰਸ਼ਾਸਨ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
