ਹਾਕੀ ਵਿਸ਼ਵ ਕੱਪ 2026: 15 ਅਗਸਤ ਦੇ ਇਤਿਹਾਸਕ ਮੌਕੇ ’ਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਹਾਕੀ ਵਿਸ਼ਵ ਕੱਪ 2026 ਵਿੱਚ ਜਿੱਤ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਭਾਰਤ ਨੇ ਆਪਣੇ ਪਹਿਲੇ ਮੁਕਾਬਲੇ ਵਿੱਚ ਵੇਲਜ਼ ਨੂੰ 3-1 ਨਾਲ ਹਰਾ ਕੇ ਆਜ਼ਾਦੀ ਦਿਵਸ ’ਤੇ ਦੇਸ਼ ਵਾਸੀਆਂ ਨੂੰ ਸ਼ਾਨਦਾਰ ਜਿੱਤ ਦਾ ਤੋਹਫ਼ਾ ਦਿੱਤਾ। ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਗੋਲ ਕੀਤੇ, ਜਦਕਿ ਸੰਜੇ ਨੇ ਇੱਕ ਗੋਲ ਕਰਕੇ ਭਾਰਤ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ।ਮੈਚ ਦੀ ਸ਼ੁਰੂਆਤ ਤੋਂ ਹੀ ਟੀਮ ਇੰਡੀਆ ਨੇ ਹਮਲਾਵਰ ਰੁਖ ਅਪਣਾਇਆ ਅਤੇ ਵੇਲਜ਼ ’ਤੇ ਦਬਾਅ ਬਣਾਇਆ। ਪਹਿਲੇ ਕੁਆਰਟਰ ਦੌਰਾਨ ਭਾਰਤ ਨੂੰ ਪੈਨਲਟੀ ਕਾਰਨਰ ਮਿਲਿਆ, ਜਿਸ ਦਾ ਪੂਰਾ ਫਾਇਦਾ ਚੁੱਕਦਿਆਂ ਸੰਜੇ ਅਤੇ ਕਪਤਾਨ ਹਰਮਨਪ੍ਰੀਤ ਸਿੰਘ ਨੇ ਸ਼ਾਨਦਾਰ ਡਰੈਗ-ਫਲਿਕ ਨਾਲ ਗੋਲ ਕੀਤੇ। ਇਸ ਤਰ੍ਹਾਂ ਭਾਰਤ ਨੇ ਪਹਿਲੇ 15 ਮਿੰਟਾਂ ਵਿੱਚ ਹੀ 2-0 ਦੀ ਮਜ਼ਬੂਤ ਬੜ੍ਹਤ ਬਣਾ ਲਈ।
ਦੂਜੇ ਕੁਆਰਟਰ ’ਚ 2-0 ਦੀ ਬੜ੍ਹਤ ਬਰਕਰਾਰ
ਦੂਜੇ ਕੁਆਰਟਰ ਵਿੱਚ ਖੇਡ ਕੁਝ ਹੌਲੀ ਰਹੀ ਅਤੇ ਦੋਵੇਂ ਟੀਮਾਂ ਨੇ ਸੰਭਲ ਕੇ ਖੇਡਿਆ। ਭਾਰਤ ਨੇ ਆਪਣੀ ਰੱਖਿਆ ਮਜ਼ਬੂਤ ਰੱਖਦਿਆਂ 2-0 ਦੀ ਬੜ੍ਹਤ ਕਾਇਮ ਰੱਖੀ। ਭਾਰਤ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ, ਪਰ ਟੀਮ ਇਸ ਨੂੰ ਗੋਲ ਵਿੱਚ ਬਦਲਣ ਵਿੱਚ ਕਾਮਯਾਬ ਨਾ ਹੋ ਸਕੀ। ਵੇਲਜ਼ ਨੇ ਵੀ ਕੁਝ ਹਮਲੇ ਕੀਤੇ, ਪਰ ਭਾਰਤੀ ਰੱਖਿਆ ਨੇ ਉਨ੍ਹਾਂ ਨੂੰ ਗੋਲ ਵਿੱਚ ਬਦਲਣ ਨਹੀਂ ਦਿੱਤਾ।
ਹਰਮਨਪ੍ਰੀਤ ਸਿੰਘ ਨੇ ਦਾਗਿਆ ਦੂਜਾ ਗੋਲ
ਹਾਫ਼-ਟਾਈਮ ਤੋਂ ਬਾਅਦ ਵੇਲਜ਼ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਭਾਰਤੀ ਡਿਫੈਂਸ ਨੇ ਉਨ੍ਹਾਂ ਦੇ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਮੈਚ ਦੇ 43ਵੇਂ ਮਿੰਟ ਵਿੱਚ ਭਾਰਤ ਨੂੰ ਇੱਕ ਵਧੀਆ ਮੌਕਾ ਮਿਲਿਆ, ਜਿਸ ਨੂੰ ਕਪਤਾਨ ਹਰਮਨਪ੍ਰੀਤ ਸਿੰਘ ਨੇ ਗੋਲ ਵਿੱਚ ਬਦਲ ਦਿੱਤਾ। ਇਹ ਉਨ੍ਹਾਂ ਦਾ ਮੈਚ ਵਿੱਚ ਦੂਜਾ ਗੋਲ ਸੀ ਅਤੇ ਇਸ ਨਾਲ ਭਾਰਤ ਦੀ ਬੜ੍ਹਤ 3-0 ਹੋ ਗਈ।
ਮੁਕਾਬਲੇ ਦੇ ਆਖਰੀ ਕੁਆਰਟਰ ਵਿੱਚ ਵੇਲਜ਼ ਨੂੰ ਇੱਕ ਗੋਲ ਮਿਲਿਆ। 55ਵੇਂ ਮਿੰਟ ਵਿੱਚ ਭਾਰਤੀ ਗੋਲਪੋਸਟ ਦੇ ਨੇੜੇ ਹੋਈ ਹਲਚਲ ਦੌਰਾਨ ਫੀਲਡ ਅੰਪਾਇਰ ਦੀ ਸੀਟੀ ਡਿੱਗ ਗਈ। ਖੇਡ ਜਾਰੀ ਰਹੀ ਅਤੇ ਬਾਅਦ ਵਿੱਚ ਥਰਡ ਅੰਪਾਇਰ ਰਿਵਿਊ ਤੋਂ ਬਾਅਦ ਵੇਲਜ਼ ਦੇ ਸੈਮ ਵੈਲਸ਼ ਦੇ ਗੋਲ ਨੂੰ ਮੰਨਤਾ ਦੇ ਦਿੱਤੀ ਗਈ।ਹਾਲਾਂਕਿ ਇਸ ਤੋਂ ਬਾਅਦ ਭਾਰਤ ਨੇ ਆਪਣੀ ਬੜ੍ਹਤ ਨੂੰ ਕਾਇਮ ਰੱਖਿਆ ਅਤੇ ਆਖਿਰਕਾਰ ਵੇਲਜ਼ ਨੂੰ 3-1 ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਟੀਮ ਇੰਡੀਆ ਨੇ ਹਾਕੀ ਵਿਸ਼ਵ ਕੱਪ 2026 ਵਿੱਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕੀਤੀ।
