ਮੁੰਬਈ: ਗੋਵਿੰਦਾ ਅਤੇ ਉਨ੍ਹਾਂ ਦੀ ਪਤਨੀ ਸੁਨੀਤਾ ਆਹੂਜਾ ਵਿਚਾਲੇ ਚੱਲ ਰਹੀ ਕਥਿਤ ਤਕਰਾਰ ਇੱਕ ਵਾਰ ਫਿਰ ਸੁਰਖੀਆਂ ਵਿੱਚ ਆ ਗਈ ਹੈ। ਸੁਨੀਤਾ ਆਹੂਜਾ ਵੱਲੋਂ ਅਦਾਕਾਰ ਅਤੇ ਉਨ੍ਹਾਂ ਦੇ ਕਥਿਤ ਅਫੇਅਰ ਨੂੰ ਲੈ ਕੇ ਲਗਾਤਾਰ ਦਿੱਤੇ ਜਾ ਰਹੇ ਬਿਆਨਾਂ ਤੋਂ ਬਾਅਦ ਹੁਣ ਗੋਵਿੰਦਾ ਨੇ ਪਹਿਲੀ ਵਾਰ ਖੁੱਲ੍ਹ ਕੇ ਆਪਣਾ ਪੱਖ ਰੱਖਿਆ ਹੈ। ਅਦਾਕਾਰ ਨੇ ਇੱਕ ਸਟੇਟਮੈਂਟ ਵੀਡੀਓ ਜਾਰੀ ਕਰਕੇ ਆਪਣੀ ਪਤਨੀ ਨੂੰ ‘ਆਪਣੀ ਹੱਦ ਵਿੱਚ ਰਹਿਣ’ ਦੀ ਅਪੀਲ ਕੀਤੀ।
ਮੀਡੀਆ ਰਿਪੋਰਟਾਂ ਮੁਤਾਬਕ ਸੁਨੀਤਾ ਆਹੂਜਾ ਪਿਛਲੇ ਕੁਝ ਸਮੇਂ ਤੋਂ ਪੌਡਕਾਸਟ ਅਤੇ ਪੈਪਰਾਜ਼ੀ ਨਾਲ ਗੱਲਬਾਤ ਦੌਰਾਨ ਗੋਵਿੰਦਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਬਿਆਨ ਦੇ ਰਹੀ ਹੈ। ਗੋਵਿੰਦਾ ਦਾ ਨਾਮ ਅਦਾਕਾਰਾ ਕੋਮਲ ਰਾਣੀ ਸਵਰਨਕਰ ਨਾਲ ਜੋੜੇ ਜਾਣ ਤੋਂ ਬਾਅਦ ਇਹ ਮਾਮਲਾ ਹੋਰ ਚਰਚਾ ਵਿੱਚ ਆ ਗਿਆ।ਹੁਣ ਗੋਵਿੰਦਾ ਨੇ ਸੁਨੀਤਾ ਦੇ ਬਿਆਨਾਂ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਤਨੀ ਦੇ ਪਿੱਛੇ ਇੱਕ ਗਰੁੱਪ ਜਾਂ ‘ਗੈਂਗ’ ਕੰਮ ਕਰ ਰਿਹਾ ਹੈ, ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
‘ਥੋੜ੍ਹਾ ਆਪਣੀ ਹੱਦ ਵਿੱਚ ਰਹੋ’
ਗੋਵਿੰਦਾ ਨੇ ਆਪਣੇ ਬਿਆਨ ਵਿੱਚ ਸੁਨੀਤਾ ਨੂੰ ਕਿਹਾ ਕਿ ਉਹ ਪੌਡਕਾਸਟ ਅਤੇ ਹੋਰ ਮੰਚਾਂ ’ਤੇ ਅਜਿਹੇ ਬਿਆਨ ਦੇਣ ਤੋਂ ਬਚਣ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਕਿਸੇ ਨਾ ਕਿਸੇ ਮੌਕੇ ’ਤੇ ਉਨ੍ਹਾਂ ਨੂੰ ਇੱਕ-ਦੂਜੇ ਦੀ ਲੋੜ ਪੈ ਸਕਦੀ ਹੈ, ਇਸ ਲਈ ਅਜਿਹੇ ਬਿਆਨ ਦੇਣਾ ਠੀਕ ਨਹੀਂ ਹੈ।ਅਦਾਕਾਰ ਨੇ ਸੁਨੀਤਾ ਨੂੰ ਆਪਣੀ ਹੱਦ ਵਿੱਚ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਪਤਨੀ ਤੋਂ ਅਜਿਹੇ ਬਿਆਨਾਂ ਦੀ ਉਮੀਦ ਨਹੀਂ ਸੀ।
ਸੁਨੀਤਾ ਦੇ ਗਾਲਾਂ ਕੱਢਣ ’ਤੇ ਵੀ ਭੜਕੇ ਗੋਵਿੰਦਾ
ਗੋਵਿੰਦਾ ਨੇ ਸੁਨੀਤਾ ਆਹੂਜਾ ਵੱਲੋਂ ਕਥਿਤ ਤੌਰ ’ਤੇ ਵਰਤੀ ਗਈ ਅਪਸ਼ਬਦਾਵਲੀ ’ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਸੁਨੀਤਾ ਨੂੰ ਆਪਣੇ ਜਨਤਕ ਵਿਵਹਾਰ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਨੌਜਵਾਨ ਵੀ ਉਨ੍ਹਾਂ ਤੋਂ ਪ੍ਰੇਰਣਾ ਲੈ ਸਕਦੇ ਹਨ।ਅਦਾਕਾਰ ਨੇ ਕਿਹਾ ਕਿ ਕਿਸੇ ਵੀ ਜਨਤਕ ਸ਼ਖ਼ਸੀਅਤ ਦੇ ਵਿਵਹਾਰ ਦਾ ਸਮਾਜ ’ਤੇ ਪ੍ਰਭਾਵ ਪੈਂਦਾ ਹੈ। ਇਸ ਲਈ ਉਨ੍ਹਾਂ ਸੁਨੀਤਾ ਨੂੰ ਅਪੀਲ ਕੀਤੀ ਕਿ ਉਹ ਅਜਿਹੀ ਭਾਸ਼ਾ ਦੀ ਵਰਤੋਂ ਨਾ ਕਰਨ ਜਿਸ ਨਾਲ ਉਨ੍ਹਾਂ ਦੀ ਆਪਣੀ ਛਵੀ ਪ੍ਰਭਾਵਿਤ ਹੋਵੇ।
ਗੋਵਿੰਦਾ ਦੇ ਇਸ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਦੋਵਾਂ ਦੀ ਨਿੱਜੀ ਜ਼ਿੰਦਗੀ ਅਤੇ ਉਨ੍ਹਾਂ ਵਿਚਾਲੇ ਚੱਲ ਰਹੀ ਕਥਿਤ ਤਕਰਾਰ ਚਰਚਾ ਦਾ ਵਿਸ਼ਾ ਬਣ ਗਈ ਹੈ। ਹਾਲਾਂਕਿ, ਦੋਵਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਅਤੇ ਬਿਆਨਾਂ ਨੂੰ ਲੈ ਕੇ ਵੱਖ-ਵੱਖ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ।
