ਅੰਮ੍ਰਿਤਸਰ: ਅਗਸਤ 1947 ਦੌਰਾਨ ਪੰਜਾਬ ਦੀ ਵੰਡ ਸਮੇਂ ਹੋਈ ਕਤਲੋਗਾਰਤ ਵਿੱਚ ਸ਼ਹੀਦ ਹੋਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਮੂਲੀਅਤ ਕੀਤੀ ਅਤੇ ਵੰਡ ਦੌਰਾਨ ਜਾਨਾਂ ਗੁਆਉਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਸੰਗਤ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ 1947 ਦੀ ਵੰਡ ਨੂੰ ‘ਪੰਜਾਬ ਦਾ ਉਜਾੜਾ’ ਕਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ 10 ਲੱਖ ਤੋਂ ਵੱਧ ਪੰਜਾਬੀਆਂ ਦੀ ਕਤਲੋਗਾਰਤ ਹੋਈ। ਉਨ੍ਹਾਂ ਗਿਆਨੀ ਸੋਹਨ ਸਿੰਘ ਸੀਤਲ ਦੀ ਪੁਸਤਕ ‘ਪੰਜਾਬ ਦਾ ਉਜਾੜਾ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਵਿੱਚ ਵੰਡ ਸਮੇਂ ਵਾਪਰੀਆਂ ਕਈ ਦਰਦਨਾਕ ਘਟਨਾਵਾਂ ਦਰਜ ਹਨ।ਜਥੇਦਾਰ ਗੜਗੱਜ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 1947 ਦੀ ਕਤਲੋਗਾਰਤ ਵਿੱਚ ਸ਼ਹੀਦ ਹੋਏ ਸਮੂਹ ਪੰਜਾਬੀਆਂ ਦੀ ਯਾਦ ਵਿੱਚ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਕੀਤੀ ਗਈ ਹੈ ਕਿ ਅਜਿਹਾ ਦਰਦਨਾਕ ਸਮਾਂ ਮੁੜ ਕਦੇ ਨਾ ਆਵੇ।
ਵਿਛੜੇ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨਾਂ ਦੀ ਅਰਦਾਸ
ਜਥੇਦਾਰ ਨੇ ਕਿਹਾ ਕਿ ਸਿੱਖ ਰੋਜ਼ਾਨਾ ਅਰਦਾਸ ਵਿੱਚ ਵਿਛੜੇ ਪਾਵਨ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ 1947 ਦੀ ਵੰਡ ਦੌਰਾਨ ਸਿੱਖਾਂ ਨੂੰ ਆਪਣੇ ਘਰ ਅਤੇ ਜ਼ਮੀਨਾਂ ਛੱਡਣੀਆਂ ਪਈਆਂ ਅਤੇ ਕਈ ਪਾਵਨ ਗੁਰੂਧਾਮ ਵੀ ਸਿੱਖ ਸੰਗਤ ਤੋਂ ਵਿਛੜ ਗਏ।ਉਨ੍ਹਾਂ ਕਿਹਾ ਕਿ ਸਿੱਖ ਸੰਗਤ ਦੀ ਅੱਜ ਵੀ ਇਹੀ ਭਾਵਨਾ ਹੈ ਕਿ ਵਿਛੜੇ ਗੁਰੂਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਹੁੰਦੇ ਰਹਿਣ। ਉਨ੍ਹਾਂ ਭਰੋਸਾ ਜਤਾਇਆ ਕਿ ਗੁਰੂ ਸਾਹਿਬ ਸਿੱਖ ਸੰਗਤ ਦੀ ਇਹ ਅਰਦਾਸ ਜ਼ਰੂਰ ਪੂਰੀ ਕਰਨਗੇ।
ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਵੀ ਲੰਬੇ ਸਮੇਂ ਤੋਂ ਬੰਦ ਪਿਆ ਹੈ। ਉਨ੍ਹਾਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਆਪਸੀ ਗੱਲਬਾਤ ਰਾਹੀਂ ਲਾਂਘਾ ਬਿਨਾਂ ਦੇਰੀ ਖੋਲ੍ਹਣ ਦੀ ਅਪੀਲ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਜਾਣ ਵਾਲੇ ਸਿੱਖ ਜਥਿਆਂ ਲਈ ਸ਼ਰਧਾਲੂਆਂ ਦੀ ਗਿਣਤੀ ਦਾ ਕੋਟਾ ਵਧਾਉਣ ਦੀ ਮੰਗ ਵੀ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੋਲ ਵੱਡੀ ਗਿਣਤੀ ਵਿੱਚ ਪਾਸਪੋਰਟ ਪਹੁੰਚ ਰਹੇ ਹਨ ਅਤੇ ਵੱਧ ਤੋਂ ਵੱਧ ਸੰਗਤ ਗੁਰੂਧਾਮਾਂ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੀ ਹੈ।
ਬੰਦੀ ਸਿੰਘਾਂ ਦੇ ਮਾਮਲੇ ’ਤੇ ਵੀ ਜਥੇਦਾਰ ਨੇ ਚੁੱਕੇ ਸਵਾਲ
ਜਥੇਦਾਰ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਉਨ੍ਹਾਂ ਨਾਲ ਸਬੰਧਤ ਮਸਲੇ ਹੱਲ ਕਰਨ ਦੀ ਗੱਲ ਵੀ ਕੀਤੀ। ਉਨ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨਾਲ ਸਬੰਧਤ ਮਾਮਲਿਆਂ ਦਾ ਹਵਾਲਾ ਦਿੰਦਿਆਂ ਸਰਕਾਰਾਂ ’ਤੇ ਸਿੱਖਾਂ ਨਾਲ ਵਿਤਕਰੇ ਦੇ ਦੋਸ਼ ਲਗਾਏ।ਉਨ੍ਹਾਂ ਗੁਰਮੀਤ ਰਾਮ ਰਹੀਮ ਨੂੰ ਮਿਲਣ ਵਾਲੀਆਂ ਪੈਰੋਲਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ਵਿੱਚ ਦੋਹਰੀ ਨੀਤੀ ਨਹੀਂ ਹੋਣੀ ਚਾਹੀਦੀ।
ਸਿੱਖ ਸੰਗਤ ਨੂੰ ਇਕਜੁੱਟ ਰਹਿਣ ਦੀ ਅਪੀਲ
ਜਥੇਦਾਰ ਗੜਗੱਜ ਨੇ ਕਿਹਾ ਕਿ ਸਿੱਖਾਂ ਵਿੱਚ ਆਪਸੀ ਮਤਭੇਦ ਹੋ ਸਕਦੇ ਹਨ, ਪਰ ਜਦੋਂ ਗੱਲ ਕੌਮ ਅਤੇ ਗੁਰੂ ਸਾਹਿਬ ਦੀ ਹੁੰਦੀ ਹੈ ਤਾਂ ਸਾਰੀਆਂ ਜਥੇਬੰਦੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਉਨ੍ਹਾਂ ਗੁਰਦੁਆਰਾ ਸਾਹਿਬਾਨ ਵਿੱਚ ਹੋ ਰਹੇ ਹਮਲਿਆਂ ਨੂੰ ਗਲਤ ਪਿਰਤ ਕਰਾਰ ਦਿੱਤਾ ਅਤੇ ਕਿਹਾ ਕਿ ਅਜਿਹੀਆਂ ਘਟਨਾਵਾਂ ਖ਼ਾਲਸਾ ਪੰਥ ਦੇ ਹਿੱਤ ਵਿੱਚ ਨਹੀਂ ਹਨ।ਉਨ੍ਹਾਂ ਸਿੱਖ ਸੰਗਤ ਨੂੰ ਗੁਰੂ ਸਾਹਿਬਾਨ ਵੱਲੋਂ ਬਖ਼ਸ਼ੇ ਉੱਚੇ ਅਸੂਲਾਂ ਅਤੇ ਕਿਰਦਾਰ ਨੂੰ ਧਾਰਨ ਕਰਨ ਦੀ ਅਪੀਲ ਕੀਤੀ। ਨਾਲ ਹੀ ਉਨ੍ਹਾਂ ਕਿਹਾ ਕਿ ਕੌਮ ਨੂੰ ਆਪਸੀ ਖਾਨਾਜੰਗੀ ਤੋਂ ਬਚ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਸਥਾਪਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਮਿਲਜੁਲ ਕੇ ਅੱਗੇ ਵਧਣਾ ਚਾਹੀਦਾ ਹੈ।
