Bangladesh New : ਬੰਗਲਾਦੇਸ਼ ਵਿੱਚ ਵੀਰਵਾਰ ਨੂੰ ਰਾਸ਼ਟਰਪਤੀ ਚੋਣ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (BNP) ਦੇ ਉਮੀਦਵਾਰ ਅਤੇ ਪਾਰਟੀ ਦੇ ਸੀਨੀਅਰ ਆਗੂ ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਨੇ ਚੋਣ ਜਿੱਤ ਕੇ ਦੇਸ਼ ਦੇ 23ਵੇਂ ਰਾਸ਼ਟਰਪਤੀ ਬਣਨ ਦਾ ਰਾਹ ਸਾਫ਼ ਕਰ ਲਿਆ ਹੈ। ਸੰਸਦ ਵਿੱਚ ਹੋਈ ਵੋਟਿੰਗ ਵਿੱਚ ਆਲਮਗੀਰ ਨੂੰ 255 ਵੋਟਾਂ ਮਿਲੀਆਂ, ਜਦਕਿ ਉਨ੍ਹਾਂ ਦੇ ਵਿਰੋਧੀ ਕਰਨਲ (ਰਿਟਾਇਰਡ) ਓਲੀ ਅਹਿਮਦ ਨੂੰ 88 ਵੋਟਾਂ ਮਿਲੀਆਂ।
35 ਸਾਲ ਬਾਅਦ ਰਾਸ਼ਟਰਪਤੀ ਅਹੁਦੇ ਲਈ ਹੋਇਆ ਮੁਕਾਬਲਾ
ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਦੀ ਜਿੱਤ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਬੰਗਲਾਦੇਸ਼ ਵਿੱਚ ਲਗਭਗ 35 ਸਾਲ ਬਾਅਦ ਰਾਸ਼ਟਰਪਤੀ ਅਹੁਦੇ ਲਈ ਸਿੱਧਾ ਮੁਕਾਬਲਾ ਹੋਇਆ ਹੈ। ਇਸ ਵਾਰ ਆਲਮਗੀਰ ਦਾ ਮੁਕਾਬਲਾ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਦੇ ਪ੍ਰਧਾਨ ਅਤੇ ਜਮਾਤ-ਏ-ਇਸਲਾਮੀ ਦੀ ਅਗਵਾਈ ਵਾਲੇ 11-ਧਿਰਾਂ ਦੇ ਵਿਰੋਧੀ ਗਠਜੋੜ ਦੇ ਉਮੀਦਵਾਰ ਓਲੀ ਅਹਿਮਦ ਨਾਲ ਸੀ।
ਰਾਸ਼ਟਰਪਤੀ ਚੋਣ ਲਈ ਕੁੱਲ 349 ਸੰਸਦ ਮੈਂਬਰ ਵੋਟ ਪਾਉਣ ਦੇ ਯੋਗ ਸਨ। ਇਨ੍ਹਾਂ ਵਿੱਚੋਂ 343 ਮੈਂਬਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਕੀਤਾ, ਜਦਕਿ 6 ਮੈਂਬਰ ਵੋਟਿੰਗ ਤੋਂ ਗੈਰਹਾਜ਼ਰ ਰਹੇ। ਮੁੱਖ ਚੋਣ ਕਮਿਸ਼ਨਰ ਅਤੇ ਰਿਟਰਨਿੰਗ ਅਫ਼ਸਰ ਏ.ਐੱਮ.ਐੱਮ. ਨਾਸਿਰ ਉਦਦੀਨ ਨੇ ਵੋਟਾਂ ਦੀ ਗਿਣਤੀ ਤੋਂ ਬਾਅਦ ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਨੂੰ ਜੇਤੂ ਐਲਾਨਿਆ।
ਸਾਬਕਾ ਰਾਸ਼ਟਰਪਤੀ ਦੇ ਅਸਤੀਫ਼ੇ ਤੋਂ ਬਾਅਦ ਹੋਈ ਚੋਣ
ਇਹ ਰਾਸ਼ਟਰਪਤੀ ਚੋਣ ਸਾਬਕਾ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਦੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਅਸਤੀਫ਼ਾ ਦੇਣ ਤੋਂ ਬਾਅਦ ਕਰਵਾਈ ਗਈ। ਸ਼ਹਾਬੂਦੀਨ ਦੇ ਅਸਤੀਫ਼ੇ ਤੋਂ ਬਾਅਦ ਨਵੇਂ ਰਾਸ਼ਟਰਪਤੀ ਦੀ ਚੋਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ। ਹੁਣ ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਇਸ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ।
ਸ਼ੁੱਕਰਵਾਰ ਨੂੰ ਚੁੱਕ ਸਕਦੇ ਹਨ ਸਹੁੰ
ਚੋਣ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਨੂੰ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਸਮੇਤ ਵੱਖ-ਵੱਖ ਆਗੂਆਂ ਨੇ ਵਧਾਈ ਦਿੱਤੀ। ਰਿਪੋਰਟਾਂ ਮੁਤਾਬਕ ਨਵੇਂ ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ ਸ਼ੁੱਕਰਵਾਰ ਸ਼ਾਮ ਨੂੰ ਬੰਗਭਵਨ ਵਿੱਚ ਹੋਣ ਦੀ ਤਿਆਰੀ ਹੈ।
ਮਿਰਜ਼ਾ ਫ਼ਖ਼ਰੁਲ ਇਸਲਾਮ ਆਲਮਗੀਰ ਦੀ ਜਿੱਤ ਨਾਲ ਬੰਗਲਾਦੇਸ਼ ਦੀ ਸਿਆਸਤ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਹੋਇਆ ਹੈ। ਭਾਵੇਂ ਰਾਸ਼ਟਰਪਤੀ ਦਾ ਅਹੁਦਾ ਮੁੱਖ ਤੌਰ ’ਤੇ ਰਸਮੀ ਹੈ, ਪਰ ਮੌਜੂਦਾ ਸਿਆਸੀ ਬਦਲਾਅ ਦੇ ਦੌਰ ਵਿੱਚ ਇਸ ਅਹੁਦੇ ਦੀ ਆਪਣੀ ਮਹੱਤਤਾ ਹੈ।
