ਮਾਨਸਾ: ਏਸ਼ੀਅਨ ਖੇਡਾਂ 2026 ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਲਈ ਮਾਣ ਵਾਲੀ ਖ਼ਬਰ ਸਾਹਮਣੇ ਆਈ ਹੈ। ਫੱਤਾ ਮਾਲੋਕਾ ਪਿੰਡ ਦੇ ਰਹਿਣ ਵਾਲੇ ਰੋਇੰਗ ਖਿਡਾਰੀ ਸਤਨਾਮ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਆਪਣੇ ਨਾਮ ਕੀਤਾ ਹੈ। ਸਤਨਾਮ ਸਿੰਘ ਅਤੇ ਉਸਦੇ ਸਾਥੀ ਸਲਮਾਨ ਖਾਨ ਨੇ ਪੁਰਸ਼ਾਂ ਦੇ ਡਬਲ ਸਕਲਜ਼ ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ।
ਇਹ ਰੋਇੰਗ ਮੁਕਾਬਲਾ ਜਾਪਾਨ ਦੇ ਆਈਚੀ-ਨਾਗੋਆ ਸਥਿਤ ਨਾਗਾਰਾਗਾਵਾ ਇੰਟਰਨੈਸ਼ਨਲ ਰੇਗਾਟਾ ਕੋਰਸ ਵਿੱਚ ਕਰਵਾਇਆ ਗਿਆ। ਭਾਰਤੀ ਜੋੜੀ ਨੇ 6 ਮਿੰਟ 13.25 ਸਕਿੰਟ ਦੇ ਸਮੇਂ ਨਾਲ ਦੌੜ ਪੂਰੀ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ।
ਬਚਪਨ ਤੋਂ ਹੀ ਖੇਡਾਂ ਵਿੱਚ ਸੀ ਦਿਲਚਸਪੀ
ਸਤਨਾਮ ਸਿੰਘ ਦੇ ਪਰਿਵਾਰ ਮੁਤਾਬਕ, ਉਸਨੂੰ ਬਚਪਨ ਤੋਂ ਹੀ ਖੇਡਾਂ ਨਾਲ ਖਾਸ ਲਗਾਅ ਸੀ। ਉਸਨੇ ਛੇਵੀਂ ਜਮਾਤ ਤੋਂ ਰੋਇੰਗ ਦੀ ਸ਼ੁਰੂਆਤ ਕੀਤੀ। ਆਪਣੀ ਮਿਹਨਤ ਅਤੇ ਪ੍ਰਦਰਸ਼ਨ ਦੇ ਦਮ ‘ਤੇ ਉਸਦੀ ਚੋਣ ਰੋਪੜ ਸਥਿਤ ਰੋਇੰਗ ਅਕੈਡਮੀ ਲਈ ਹੋਈ।ਇਸ ਤੋਂ ਬਾਅਦ ਸਤਨਾਮ ਸਿੰਘ ਨੇ ਲਗਾਤਾਰ ਮਿਹਨਤ ਕਰਦਿਆਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦੀ ਨੁਮਾਇੰਦਗੀ ਕੀਤੀ। ਪਰਿਵਾਰ ਨੇ ਦੱਸਿਆ ਕਿ ਉਹ ਚੀਨ ਵਿੱਚ ਹੋਏ ਮੁਕਾਬਲਿਆਂ ਵਿੱਚ ਵੀ ਦੇਸ਼ ਲਈ ਪ੍ਰਦਰਸ਼ਨ ਕਰ ਚੁੱਕਾ ਹੈ। ਹੁਣ ਜਾਪਾਨ ਵਿੱਚ ਏਸ਼ੀਅਨ ਖੇਡਾਂ ਦੌਰਾਨ ਕਾਂਸੀ ਦਾ ਤਗਮਾ ਜਿੱਤ ਕੇ ਉਸਨੇ ਆਪਣੇ ਖੇਡ ਕਰੀਅਰ ਵਿੱਚ ਇੱਕ ਹੋਰ ਵੱਡੀ ਉਪਲਬਧੀ ਜੋੜ ਲਈ ਹੈ।
ਸਵੇਰੇ ਪਿਤਾ ਨੂੰ ਫੋਨ ਕਰਕੇ ਦਿੱਤੀ ਖੁਸ਼ਖਬਰੀ
ਸਤਨਾਮ ਸਿੰਘ ਦੇ ਪਿਤਾ ਅਮਰੀਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਨੇ ਸਵੇਰੇ ਫੋਨ ਕਰਕੇ ਮੁਕਾਬਲੇ ਵਿੱਚ ਤੀਜੇ ਸਥਾਨ ‘ਤੇ ਰਹਿਣ ਦੀ ਜਾਣਕਾਰੀ ਦਿੱਤੀ। ਇਹ ਖ਼ਬਰ ਸੁਣਦਿਆਂ ਹੀ ਪੂਰੇ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ।ਅਮਰੀਕ ਸਿੰਘ ਨੇ ਕਿਹਾ ਕਿ ਪਰਿਵਾਰ ਨੂੰ ਆਪਣੇ ਪੁੱਤਰ ਦੀ ਇਸ ਪ੍ਰਾਪਤੀ ‘ਤੇ ਮਾਣ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਵੱਡਾ ਪੁੱਤਰ ਫੌਜ ਵਿੱਚ ਦੇਸ਼ ਦੀ ਸੇਵਾ ਕਰ ਰਿਹਾ ਹੈ, ਜਦਕਿ ਸਤਨਾਮ ਸਿੰਘ ਨੇ ਖੇਡਾਂ ਵਿੱਚ ਆਪਣਾ ਕਰੀਅਰ ਬਣਾਇਆ ਅਤੇ ਬਾਅਦ ਵਿੱਚ ਨੇਵੀ ਵਿੱਚ ਸ਼ਾਮਲ ਹੋ ਗਿਆ।
ਮਾਨਸਾ ਵਿੱਚ ਖੇਡ ਸਹੂਲਤਾਂ ਦੀ ਘਾਟ ਦਾ ਮੁੱਦਾ ਵੀ ਚੁੱਕਿਆ
ਸਤਨਾਮ ਸਿੰਘ ਦੇ ਪਿਤਾ ਨੇ ਮਾਨਸਾ ਜ਼ਿਲ੍ਹੇ ਵਿੱਚ ਰੋਇੰਗ ਸਮੇਤ ਹੋਰ ਖੇਡਾਂ ਲਈ ਲੋੜੀਂਦੀਆਂ ਸਿਖਲਾਈ ਸਹੂਲਤਾਂ ਦੀ ਘਾਟ ਦਾ ਮੁੱਦਾ ਵੀ ਚੁੱਕਿਆ। ਉਨ੍ਹਾਂ ਕਿਹਾ ਕਿ ਸਹੂਲਤਾਂ ਦੀ ਕਮੀ ਦੇ ਬਾਵਜੂਦ ਮਾਨਸਾ ਦੇ ਕਈ ਖਿਡਾਰੀ ਆਪਣੀ ਮਿਹਨਤ ਦੇ ਬਲਬੂਤੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਕਮਾ ਰਹੇ ਹਨ।ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਨੂੰ ਬਿਹਤਰ ਖੇਡ ਮੈਦਾਨ, ਕੋਚਿੰਗ ਅਤੇ ਸਿਖਲਾਈ ਦੀਆਂ ਸਹੂਲਤਾਂ ਮਿਲਣ ਤਾਂ ਹੋਰ ਵੀ ਨੌਜਵਾਨ ਖੇਡਾਂ ਵਿੱਚ ਅੱਗੇ ਆ ਸਕਦੇ ਹਨ।
ਸਰਕਾਰੀ ਵਧਾਈ ਨਾ ਮਿਲਣ ‘ਤੇ ਪਰਿਵਾਰ ਨੇ ਜਤਾਈ ਨਾਰਾਜ਼ਗੀ
ਪਰਿਵਾਰ ਨੇ ਇਹ ਵੀ ਕਿਹਾ ਕਿ ਸਤਨਾਮ ਸਿੰਘ ਦੀ ਇਸ ਅੰਤਰਰਾਸ਼ਟਰੀ ਪ੍ਰਾਪਤੀ ਤੋਂ ਬਾਅਦ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਜਾਂ ਸਰਕਾਰੀ ਨੁਮਾਇੰਦੇ ਵੱਲੋਂ ਉਨ੍ਹਾਂ ਨਾਲ ਸੰਪਰਕ ਕਰਕੇ ਵਧਾਈ ਨਹੀਂ ਦਿੱਤੀ ਗਈ। ਪਰਿਵਾਰ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਜਾਂ ਸਰਕਾਰ ਵੱਲੋਂ ਵਧਾਈ ਮਿਲਦੀ ਤਾਂ ਉਨ੍ਹਾਂ ਦੀ ਖੁਸ਼ੀ ਹੋਰ ਵਧ ਜਾਂਦੀ।
ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਪਿੰਡਾਂ ਅਤੇ ਜ਼ਿਲ੍ਹਿਆਂ ਵਿੱਚ ਨੌਜਵਾਨਾਂ ਲਈ ਖੇਡ ਸਹੂਲਤਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇ, ਤਾਂ ਜੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਸਕੇ ਅਤੇ ਉਹ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ।
ਸਤਨਾਮ ਸਿੰਘ ਦੀ ਇਹ ਉਪਲਬਧੀ ਨਾ ਸਿਰਫ਼ ਮਾਨਸਾ ਅਤੇ ਪੰਜਾਬ ਲਈ ਮਾਣ ਵਾਲੀ ਗੱਲ ਹੈ, ਸਗੋਂ ਇਹ ਉਨ੍ਹਾਂ ਨੌਜਵਾਨ ਖਿਡਾਰੀਆਂ ਲਈ ਵੀ ਪ੍ਰੇਰਣਾ ਹੈ ਜੋ ਸੀਮਤ ਸਹੂਲਤਾਂ ਦੇ ਬਾਵਜੂਦ ਆਪਣੀ ਮਿਹਨਤ ਨਾਲ ਵੱਡੇ ਮੁਕਾਮ ਹਾਸਲ ਕਰਨ ਦਾ ਸੁਪਨਾ ਦੇਖ ਰਹੇ ਹਨ।
