ਨਵੀਂ ਦਿੱਲੀ: ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਇੱਕ ਵਾਰ ਫਿਰ ਆਪਣਾ ਦਬਦਬਾ ਕਾਇਮ ਕਰਦਿਆਂ ਸੋਨ ਤਗਮਾ ਜਿੱਤ ਲਿਆ ਹੈ। ਖਿਤਾਬੀ ਮੁਕਾਬਲੇ ਵਿੱਚ ਭਾਰਤ ਨੇ ਈਰਾਨ ਨੂੰ 40-34 ਨਾਲ ਹਰਾ ਕੇ 9ਵੀਂ ਵਾਰ ਏਸ਼ੀਆਈ ਖੇਡਾਂ ਵਿੱਚ ਕਬੱਡੀ ਦਾ ਸੋਨ ਤਗਮਾ ਆਪਣੇ ਨਾਮ ਕੀਤਾ।
ਇਸ ਜਿੱਤ ਨਾਲ ਭਾਰਤੀ ਪੁਰਸ਼ ਕਬੱਡੀ ਟੀਮ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਪਰੰਪਰਾ ਨੂੰ ਕਾਇਮ ਰੱਖਿਆ। ਖਾਸ ਗੱਲ ਇਹ ਰਹੀ ਕਿ ਭਾਰਤੀ ਮਹਿਲਾ ਕਬੱਡੀ ਟੀਮ ਨੇ ਵੀ ਸੋਨ ਤਗਮਾ ਜਿੱਤਿਆ। ਇਸ ਤਰ੍ਹਾਂ ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਵਾਂ ਵਰਗਾਂ ਵਿੱਚ ਕਬੱਡੀ ਦੇ ਸੋਨ ਤਗਮੇ ਆਪਣੇ ਨਾਮ ਕੀਤੇ।
ਫਾਈਨਲ ‘ਚ ਭਾਰਤ ਦੀ ਜ਼ਬਰਦਸਤ ਵਾਪਸੀ
ਭਾਰਤ ਅਤੇ ਈਰਾਨ ਵਿਚਾਲੇ ਖੇਡਿਆ ਗਿਆ ਫਾਈਨਲ ਸ਼ੁਰੂ ਤੋਂ ਹੀ ਰੋਮਾਂਚਕ ਰਿਹਾ। ਪਹਿਲੇ ਹਾਫ ਵਿੱਚ ਦੋਵਾਂ ਟੀਮਾਂ ਵਿਚਕਾਰ ਸਖ਼ਤ ਟੱਕਰ ਦੇਖਣ ਨੂੰ ਮਿਲੀ। ਈਰਾਨ ਨੇ ਹਮਲਾਵਰ ਖੇਡ ਨਾਲ ਭਾਰਤ ’ਤੇ ਦਬਾਅ ਬਣਾਇਆ ਅਤੇ ਇੱਕ ਸਮੇਂ 14-13 ਦੀ ਬੜ੍ਹਤ ਵੀ ਹਾਸਲ ਕਰ ਲਈ।ਭਾਰਤੀ ਟੀਮ ਨੇ ਮੁਸ਼ਕਲ ਪਲਾਂ ਵਿੱਚ ਸ਼ਾਨਦਾਰ ਸੁਪਰ ਟੈਕਲ ਕਰਕੇ ਅਹਿਮ ਅੰਕ ਹਾਸਲ ਕੀਤੇ। ਹਾਲਾਂਕਿ ਈਰਾਨ ਨੇ ਪਹਿਲੇ ਹਾਫ ਦੇ ਅੰਤ ਤੱਕ ਆਪਣੀ ਮਾਮੂਲੀ ਬੜ੍ਹਤ ਬਰਕਰਾਰ ਰੱਖੀ ਅਤੇ ਸਕੋਰ 18-17 ਰਿਹਾ।
ਦੂਜੇ ਹਾਫ ਵਿੱਚ ਭਾਰਤ ਨੇ ਪੂਰੀ ਤਰ੍ਹਾਂ ਖੇਡ ਦਾ ਰੁਖ ਬਦਲ ਦਿੱਤਾ। ਭਾਰਤੀ ਖਿਡਾਰੀਆਂ ਨੇ ਹਮਲਾਵਰ ਰਣਨੀਤੀ ਅਪਣਾਈ ਅਤੇ ਈਰਾਨ ਨੂੰ ਆਲ-ਆਊਟ ਕਰਕੇ ਬੜ੍ਹਤ ਹਾਸਲ ਕਰ ਲਈ।
ਮੈਚ ਖਤਮ ਹੋਣ ਵਿੱਚ ਕਰੀਬ 10 ਮਿੰਟ ਬਾਕੀ ਰਹਿੰਦਿਆਂ ਭਾਰਤ ਨੇ ਈਰਾਨ ’ਤੇ ਪੰਜ ਅੰਕਾਂ ਦੀ ਬੜ੍ਹਤ ਬਣਾ ਲਈ ਸੀ। ਇਸ ਤੋਂ ਬਾਅਦ ਭਾਰਤੀ ਟੀਮ ਨੇ ਆਪਣੀ ਲੈਅ ਬਣਾਈ ਰੱਖੀ ਅਤੇ ਲਗਾਤਾਰ ਅੰਕ ਹਾਸਲ ਕਰਦਿਆਂ ਮੈਚ ’ਤੇ ਆਪਣੀ ਪਕੜ ਮਜ਼ਬੂਤ ਕੀਤੀ।ਆਖਿਰਕਾਰ ਭਾਰਤ ਨੇ ਫਾਈਨਲ 40-34 ਨਾਲ ਜਿੱਤ ਕੇ ਸੋਨ ਤਗਮਾ ਆਪਣੇ ਨਾਮ ਕਰ ਲਿਆ।
ਸੈਮੀਫਾਈਨਲ ‘ਚ ਥਾਈਲੈਂਡ ਨੂੰ ਵੀ ਦਿੱਤੀ ਮਾਤ
ਫਾਈਨਲ ਤੋਂ ਪਹਿਲਾਂ ਭਾਰਤੀ ਪੁਰਸ਼ ਕਬੱਡੀ ਟੀਮ ਨੇ ਸੈਮੀਫਾਈਨਲ ਵਿੱਚ ਥਾਈਲੈਂਡ ਨੂੰ 66-28 ਦੇ ਵੱਡੇ ਅੰਤਰ ਨਾਲ ਹਰਾਇਆ ਸੀ।ਭਾਰਤ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਦਬਦਬਾ ਬਣਾਇਆ ਅਤੇ ਪਹਿਲੇ ਪੰਜ ਮਿੰਟਾਂ ਵਿੱਚ 7-1 ਦੀ ਬੜ੍ਹਤ ਹਾਸਲ ਕਰ ਲਈ। ਹਾਲਾਂਕਿ ਥਾਈਲੈਂਡ ਦੇ ਧੀਰਾਦੁਤ ਚੈਸਿਤ ਨੇ ਕੁਝ ਸਮੇਂ ਲਈ ਭਾਰਤੀ ਟੀਮ ਨੂੰ ਚੁਣੌਤੀ ਦਿੱਤੀ ਅਤੇ ਇੱਕ ਸ਼ਾਨਦਾਰ ਰੇਡ ਰਾਹੀਂ ਤਿੰਨ ਅੰਕ ਹਾਸਲ ਕੀਤੇ।
ਇਸ ਦੇ ਬਾਵਜੂਦ ਭਾਰਤ ਨੇ ਆਪਣੀ ਲੈਅ ਨਹੀਂ ਗੁਆਈ। ਹਾਫ-ਟਾਈਮ ਤੱਕ ਭਾਰਤ 37-18 ਨਾਲ ਅੱਗੇ ਸੀ। ਦੂਜੇ ਹਾਫ ਵਿੱਚ ਵੀ ਭਾਰਤੀ ਟੀਮ ਨੇ ਦਬਦਬਾ ਕਾਇਮ ਰੱਖਿਆ ਅਤੇ ਆਖਿਰਕਾਰ 66-28 ਨਾਲ ਸ਼ਾਨਦਾਰ ਜਿੱਤ ਦਰਜ ਕਰਕੇ ਫਾਈਨਲ ਵਿੱਚ ਜਗ੍ਹਾ ਬਣਾਈ।
ਪੁਰਸ਼ ਤੇ ਮਹਿਲਾ ਦੋਵਾਂ ਵਰਗਾਂ ‘ਚ ਸੋਨਾ
ਏਸ਼ੀਆਈ ਖੇਡਾਂ ਵਿੱਚ ਭਾਰਤ ਲਈ ਕਬੱਡੀ ਦਾ ਇਹ ਦਿਨ ਖਾਸ ਰਿਹਾ। ਭਾਰਤੀ ਮਹਿਲਾ ਟੀਮ ਦੇ ਸੋਨ ਤਗਮੇ ਤੋਂ ਬਾਅਦ ਪੁਰਸ਼ ਟੀਮ ਨੇ ਵੀ ਫਾਈਨਲ ਵਿੱਚ ਈਰਾਨ ਨੂੰ ਹਰਾ ਕੇ ਸੋਨਾ ਜਿੱਤਿਆ।ਇਸ ਤਰ੍ਹਾਂ ਭਾਰਤ ਨੇ ਪੁਰਸ਼ ਅਤੇ ਮਹਿਲਾ ਦੋਵਾਂ ਕਬੱਡੀ ਵਰਗਾਂ ਵਿੱਚ ਸੋਨ ਤਗਮੇ ਆਪਣੇ ਨਾਮ ਕਰਕੇ ਏਸ਼ੀਆਈ ਖੇਡਾਂ ਵਿੱਚ ਆਪਣੀ ਮਜ਼ਬੂਤ ਮੌਜੂਦਗੀ ਦਰਜ ਕਰਵਾਈ।
