ਸੁਨੀਲ ਜਾਖੜ ਨੇ ਦੋਸ਼ ਲਾਇਆ ਕਿ ਕਾਂਗਰਸ ਨੇ ਵਿਰੋਧੀ ਧਿਰ ਵਜੋਂ ਆਪਣੀ ਜ਼ਿੰਮੇਵਾਰੀ ਸਹੀ ਢੰਗ ਨਾਲ ਨਹੀਂ ਨਿਭਾਈ। ਉਨ੍ਹਾਂ ਕਿਹਾ ਕਿ ਨਸ਼ੇ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਪੰਜਾਬ ਦੇ ਸਭ ਤੋਂ ਗੰਭੀਰ ਮੁੱਦੇ ਹਨ, ਪਰ ਕਾਂਗਰਸ ਇਨ੍ਹਾਂ ਮਾਮਲਿਆਂ ‘ਤੇ ਲਗਾਤਾਰ ਸਰਕਾਰ ਨੂੰ ਘੇਰਨ ਵਿੱਚ ਨਾਕਾਮ ਰਹੀ ਹੈ।
ਨਸ਼ਿਆਂ ਅਤੇ ਗੈਂਗਸਟਰਵਾਦ ਦੇ ਮੁੱਦੇ ‘ਤੇ ਕਾਂਗਰਸ ਨੂੰ ਘੇਰਿਆ
ਜਾਖੜ ਨੇ ਪੰਜਾਬ ਵਿੱਚ ਨਸ਼ਿਆਂ ਅਤੇ ਗੈਂਗਸਟਰਵਾਦ ਦੀ ਸਮੱਸਿਆ ਨੂੰ ਲੈ ਕੇ ਕਾਂਗਰਸ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਦੇ ਨਾਂ ਨਸ਼ਿਆਂ ਨਾਲ ਜੁੜੇ ਦੋਸ਼ਾਂ ਵਿੱਚ ਸਾਹਮਣੇ ਆਉਂਦੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਇਨ੍ਹਾਂ ਵਿੱਚੋਂ ਇੱਕ ਆਗੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸਮੇਂ ਵਿਧਾਨ ਸਭਾ ਵਿੱਚ ਮੁਆਫ਼ੀ ਮੰਗੀ ਸੀਇਸ ਤੋਂ ਇਲਾਵਾ ਜਾਖੜ ਨੇ ਕਾਂਗਰਸ ਸਰਕਾਰ ਦੇ ਸਮੇਂ ਇੱਕ ਸਾਬਕਾ ਮੰਤਰੀ ਖ਼ਿਲਾਫ਼ ਗੈਂਗਸਟਰ ਨੂੰ ਕਥਿਤ ਤੌਰ ‘ਤੇ ਪਨਾਹ ਅਤੇ ਸਰਪ੍ਰਸਤੀ ਦੇਣ ਦੇ ਦੋਸ਼ਾਂ ਦੀ ਜਾਂਚ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਸਵਾਲ ਕੀਤਾ ਕਿ ਜਿਹੜੀ ਪਾਰਟੀ ਆਪਣੇ ਆਗੂਆਂ ‘ਤੇ ਲੱਗੇ ਅਜਿਹੇ ਦੋਸ਼ਾਂ ਦਾ ਜਵਾਬ ਨਹੀਂ ਦੇ ਸਕਦੀ, ਉਹ ਪੰਜਾਬ ਨੂੰ ਨਸ਼ਿਆਂ ਅਤੇ ਗੈਂਗਸਟਰਵਾਦ ਤੋਂ ਕਿਵੇਂ ਮੁਕਤ ਕਰਵਾ ਸਕਦੀ ਹੈ।
SIR ਦੇ ਮੁੱਦੇ ‘ਤੇ ਵੀ ਰਾਹੁਲ ਗਾਂਧੀ ਨੂੰ ਘੇਰਿਆ
ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਨ ਸੁਧਾਈ (SIR) ਦੇ ਮੁੱਦੇ ‘ਤੇ ਵੀ ਸੁਨੀਲ ਜਾਖੜ ਨੇ ਰਾਹੁਲ ਗਾਂਧੀ ਨੂੰ ਨਿਸ਼ਾਨੇ ‘ਤੇ ਲਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਦਿੱਲੀ ਵਿੱਚ SIR ਦੇ ਵਿਰੋਧ ਵਿੱਚ ਰੈਲੀ ਕੀਤੀ ਸੀ, ਪਰ ਪੰਜਾਬ ਵਿੱਚ ਕਾਂਗਰਸ ਨੇ ਇਸ ਪੂਰੀ ਪ੍ਰਕਿਰਿਆ ਦੌਰਾਨ ਕੋਈ ਵੱਡਾ ਵਿਰੋਧ ਨਹੀਂ ਕੀਤਾ।ਜਾਖੜ ਨੇ ਦਾਅਵਾ ਕੀਤਾ ਕਿ ਪੰਜਾਬ ਕਾਂਗਰਸ ਦੇ ਆਗੂਆਂ ਨੇ SIR ਦੀ ਪ੍ਰਕਿਰਿਆ ਸਫਲਤਾਪੂਰਵਕ ਪੂਰੀ ਹੋਣ ‘ਤੇ ਮੁੱਖ ਚੋਣ ਅਧਿਕਾਰੀ ਨੂੰ ਵਧਾਈ ਵੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਅੱਜ ਤੱਕ ਪੰਜਾਬ ਵਿੱਚ ਅਜਿਹਾ ਕੋਈ ਠੋਸ ਮਾਮਲਾ ਸਾਹਮਣੇ ਨਹੀਂ ਲਿਆ ਸਕੀ, ਜਿਸ ਵਿੱਚ ਕਿਸੇ ਯੋਗ ਵੋਟਰ ਦਾ ਨਾਂ ਗਲਤ ਤਰੀਕੇ ਨਾਲ ਵੋਟਰ ਸੂਚੀ ਵਿੱਚੋਂ ਕੱਟਿਆ ਗਿਆ ਹੋਵੇ।ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਆਪਣੀਆਂ ਚੋਣ ਹਾਰਾਂ ਲਈ ਕਦੇ SIR ਅਤੇ ਕਦੇ EVM ਨੂੰ ਜ਼ਿੰਮੇਵਾਰ ਠਹਿਰਾਉਂਦੀ ਹੈ, ਜਦਕਿ ਪਾਰਟੀ ਨੂੰ ਆਪਣੀ ਕਾਰਗੁਜ਼ਾਰੀ ‘ਤੇ ਵਿਚਾਰ ਕਰਨ ਦੀ ਲੋੜ ਹੈ।
ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਕਾਂਗਰਸ ਤੋਂ ਮੰਗਿਆ ਜਵਾਬ
ਸੁਨੀਲ ਜਾਖੜ ਨੇ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਵੀ ਕਾਂਗਰਸ ਨੂੰ ਘੇਰਿਆ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਰਾਹੁਲ ਗਾਂਧੀ ਦਾ ਪੰਜਾਬ ਦੌਰਾ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਦਾ ਹਿੱਸਾ ਹੈ ਤਾਂ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੌਰਾਨ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਤੇ ਕਾਂਗਰਸੀ ਆਗੂ ਚੁੱਪ ਕਿਉਂ ਰਹੇ?ਉਨ੍ਹਾਂ ਰਾਜਸਥਾਨ ਵਿੱਚ ਬੱਸਾਂ ਦੀਆਂ ਬਾਡੀਆਂ ਬਣਵਾਉਣ ਦੇ ਮਾਮਲੇ ਅਤੇ ਕਾਂਗਰਸ ਦੇ ਮੁੱਖ ਮੰਤਰੀ ਅਹੁਦੇ ਦੇ ਇੱਕ ਪ੍ਰਮੁੱਖ ਦਾਅਵੇਦਾਰ ਦੀ ਰਿਹਾਇਸ਼ ਤੋਂ 10 ਕਰੋੜ ਰੁਪਏ ਨਕਦ ਮਿਲਣ ਦੇ ਦਾਅਵੇ ਦਾ ਵੀ ਜ਼ਿਕਰ ਕੀਤਾ। ਜਾਖੜ ਨੇ ਕਿਹਾ ਕਿ ਕਾਂਗਰਸ ਨੂੰ ਪਹਿਲਾਂ ਆਪਣੇ ਸਿਆਸੀ ਆਗੂਆਂ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।
ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਮਕਸਦ ‘ਤੇ ਚੁੱਕੇ ਸਵਾਲ
ਜਾਖੜ ਨੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਅਸਲ ਮਕਸਦ ‘ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਧੜਿਆਂ ਵਿੱਚ ਵੰਡੀ ਪੰਜਾਬ ਕਾਂਗਰਸ ਨੂੰ ਇਕਜੁੱਟ ਰਹਿਣ ਦੀ ਚੇਤਾਵਨੀ ਦੇਣਾ ਹੈ। ਉਨ੍ਹਾਂ ਬਰਨਾਲਾ ਵਿੱਚ ਰਾਹੁਲ ਗਾਂਧੀ ਵੱਲੋਂ ਦਿੱਤੇ ਗਏ ਸੰਦੇਸ਼ ਦਾ ਵੀ ਹਵਾਲਾ ਦਿੱਤਾ।ਉਨ੍ਹਾਂ ਕਿਹਾ ਕਿ ਕਿਸੇ ਸਾਂਝੇ ਅਤੇ ਸਾਰਥਕ ਮਕਸਦ ਤੋਂ ਬਿਨਾਂ ਪਾਰਟੀ ਵਿੱਚ ਏਕਤਾ ਕਾਇਮ ਨਹੀਂ ਰਹਿ ਸਕਦੀ। ਜਾਖੜ ਮੁਤਾਬਕ ਕਾਂਗਰਸ ਦੀ ਮੌਜੂਦਾ ਸਥਿਤੀ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਪਾਰਟੀ ਪੰਜਾਬ ਦੇ ਲੋਕਾਂ ਦੇ ਅਸਲ ਮੁੱਦਿਆਂ ਅਤੇ ਸਰੋਕਾਰਾਂ ਤੋਂ ਦੂਰ ਹੋ ਚੁੱਕੀ ਹੈ।
