ਇਸ ਘਟਨਾ ਦੀ ਪੁਸ਼ਟੀ ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ ਸਰਬਾਨੰਦ ਸੋਨੋਵਾਲ ਨੇ 17 ਨਵੰਬਰ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕੀਤੀ। ਉਨ੍ਹਾਂ ਦੱਸਿਆ ਕਿ ਭਾਰਤ ਸਰਕਾਰ ਪੂਰੀ ਸਥਿਤੀ ‘ਤੇ ਨਜ਼ਰ ਰੱਖ ਰਹੀ ਹੈ ਅਤੇ ਜਹਾਜ਼ ਪ੍ਰਬੰਧਨ ਕੰਪਨੀ ਨਾਲ ਲਗਾਤਾਰ ਸੰਪਰਕ ਵਿੱਚ ਹੈ।
ਸਰਬਾਨੰਦ ਸੋਨੋਵਾਲ ਨੇ ਦਿੱਤੀ ਅਹਿਮ ਜਾਣਕਾਰੀ
ਕੇਂਦਰੀ ਮੰਤਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ 16 ਨਵੰਬਰ ਨੂੰ ਸਟਰੇਟ ਆਫ਼ ਹੋਰਮੁਜ਼ ਵਿੱਚ ਪਨਾਮਾ ਦੇ ਝੰਡੇ ਵਾਲੇ LPG ਟੈਂਕਰ ਤਾਰਾ ਗੈਸ ‘ਤੇ ਮਿਜ਼ਾਈਲ ਹਮਲਾ ਹੋਇਆ ਸੀ। ਇਸ ਜਹਾਜ਼ ਵਿੱਚ ਕੁੱਲ 25 ਮੈਂਬਰੀ ਅਮਲਾ ਮੌਜੂਦ ਸੀ, ਜਿਸ ਵਿੱਚ 24 ਭਾਰਤੀ ਨਾਗਰਿਕ ਸਨ।
ਉਨ੍ਹਾਂ ਕਿਹਾ ਕਿ ਇਹ ਰਾਹਤ ਦੀ ਗੱਲ ਹੈ ਕਿ ਸਾਰੇ ਭਾਰਤੀ ਮਲਾਹ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਹਾਲਾਂਕਿ, ਅਮਲੇ ਦਾ ਇੱਕ ਮੈਂਬਰ ਲਾਪਤਾ ਹੈ। ਉਸ ਦੀ ਭਾਲ ਲਈ ਜਹਾਜ਼ ਪ੍ਰਬੰਧਨ ਕੰਪਨੀ ਅਤੇ ਖੇਤਰੀ ਬਚਾਅ ਏਜੰਸੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਵੱਲੋਂ ਲਾਪਤਾ ਮੈਂਬਰ ਨੂੰ ਸੁਰੱਖਿਅਤ ਲੱਭਣ ਅਤੇ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
UKMTO ਦੀ ਰਿਪੋਰਟ, ਇੰਜਣ ਰੂਮ ਵਿੱਚ ਲੱਗੀ ਅੱਗ
ਯੂਨਾਈਟਿਡ ਕਿੰਗਡਮ ਮੈਰੀਟਾਈਮ ਟ੍ਰੇਡ ਆਪਰੇਸ਼ਨਜ਼ (UKMTO) ਵੱਲੋਂ ਵੀ ਇਸ ਘਟਨਾ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਰਿਪੋਰਟ ਮੁਤਾਬਕ, 16 ਨਵੰਬਰ ਨੂੰ ਸ਼ਾਮ ਕਰੀਬ 7 ਵਜੇ UTC ਸਮੇਂ ਓਮਾਨ ਦੇ ਖਸਾਬ (Khasab) ਤੋਂ ਲਗਭਗ 7 ਸਮੁੰਦਰੀ ਮੀਲ ਉੱਤਰ ਵੱਲ ਇੱਕ ਟੈਂਕਰ ‘ਤੇ ਹਮਲਾ ਹੋਇਆ।
ਹਮਲੇ ਤੋਂ ਬਾਅਦ ਜਹਾਜ਼ ਦੇ ਇੰਜਣ ਰੂਮ ਵਿੱਚ ਅੱਗ ਲੱਗ ਗਈ, ਜਿਸ ਕਾਰਨ ਟੈਂਕਰ ਆਪਣੀ ਯਾਤਰਾ ਜਾਰੀ ਰੱਖਣ ਦੇ ਅਸਮਰੱਥ ਹੋ ਗਿਆ। ਇਸ ਘਟਨਾ ਤੋਂ ਬਾਅਦ ਜਹਾਜ਼ ਨੂੰ ਹੋਏ ਨੁਕਸਾਨ ਅਤੇ ਵਾਤਾਵਰਣ ‘ਤੇ ਪਏ ਪ੍ਰਭਾਵ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।
ਹਮਲੇ ਪਿੱਛੇ ਕਿਸ ਦਾ ਹੱਥ?
ਤਾਰਾ ਗੈਸ ਟੈਂਕਰ ‘ਤੇ ਹੋਏ ਮਿਜ਼ਾਈਲ ਹਮਲੇ ਪਿੱਛੇ ਕਿਸ ਦਾ ਹੱਥ ਹੈ, ਇਸ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਨਾ ਹੀ ਕਿਸੇ ਦੇਸ਼ ਜਾਂ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।ਇਸ ਦੌਰਾਨ ਈਰਾਨੀ ਜਲ ਸੈਨਾ ਨੇ ਦਾਅਵਾ ਕੀਤਾ ਹੈ ਕਿ ਪਿਛਲੇ 24 ਘੰਟਿਆਂ ਦੌਰਾਨ ਸਮੁੰਦਰੀ ਮਾਰਗ ਦੇ ਪੂਰਬੀ ਹਿੱਸੇ ਵਿੱਚ ਇੱਕ ਪਾਬੰਦੀਸ਼ੁਦਾ ਖੇਤਰ ਅੰਦਰ ਇੱਕ ਹੋਰ ਟੈਂਕਰ ਸਮੁੰਦਰੀ ਬਾਰੂਦੀ ਸੁਰੰਗ (Naval Mine) ਨਾਲ ਟਕਰਾਉਣ ਤੋਂ ਬਾਅਦ ਅੱਗ ਦੀ ਲਪੇਟ ਵਿੱਚ ਆ ਗਿਆ।
ਹੋਰਮੁਜ਼ ਜਲ ਮਾਰਗ ‘ਤੇ ਵਧੀ ਚਿੰਤਾ
ਸਟਰੇਟ ਆਫ਼ ਹੋਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਮਾਰਗਾਂ ਵਿੱਚੋਂ ਇੱਕ ਹੈ। ਇਸ ਰਸਤੇ ਰਾਹੀਂ ਵੱਡੀ ਮਾਤਰਾ ਵਿੱਚ ਕੱਚਾ ਤੇਲ ਅਤੇ ਗੈਸ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੱਕ ਪਹੁੰਚਾਈ ਜਾਂਦੀ ਹੈ।
ਇੱਥੇ ਲਗਾਤਾਰ ਸਾਹਮਣੇ ਆ ਰਹੀਆਂ ਹਮਲਿਆਂ ਦੀਆਂ ਘਟਨਾਵਾਂ ਕਾਰਨ ਅੰਤਰਰਾਸ਼ਟਰੀ ਸਮੁੰਦਰੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਭਾਰਤ ਸਰਕਾਰ ਵੀ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਲੈ ਕੇ ਪੂਰੀ ਤਰ੍ਹਾਂ ਚੌਕਸ ਹੈ ਅਤੇ ਲਾਪਤਾ ਮਲਾਹ ਦੀ ਭਾਲ ਲਈ ਸਬੰਧਤ ਏਜੰਸੀਆਂ ਨਾਲ ਸੰਪਰਕ ਬਣਾਈ ਹੋਈ ਹੈ।
