ਬਟਾਲਾ : ਬਟਾਲਾ ਦੇ ਨਜ਼ਦੀਕ ਪਿੰਡ ਲੋਹ ਚੱਪ ਤੋਂ ਦਿਨ-ਦਿਹਾੜੇ ਫਾਇਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਇੱਥੇ ਕੁਝ ਨੌਜਵਾਨਾਂ ਵੱਲੋਂ ਇੱਕ ਸ਼ੈਲਰ ਮਾਲਕ ‘ਤੇ ਫਾਇਰਿੰਗ ਕੀਤੀ ਗਈ, ਜਿਸ ਤੋਂ ਬਾਅਦ ਸ਼ੈਲਰ ਮਾਲਕ ਵੱਲੋਂ ਵੀ ਆਪਣੇ ਬਚਾਅ ਲਈ ਜਵਾਬੀ ਫਾਇਰਿੰਗ ਕੀਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ-ਪੜਤਾਲ ਕਰ ਰਹੀ ਹੈ। ਸ਼ੈਲਰ ਮਾਲਕ ਦਾ ਦੋਸ਼ ਹੈ ਕਿ ਪਹਿਲਾਂ ਵੀ ਪਿੰਡ ਦੇ ਹੀ ਇੱਕ ਨੌਜਵਾਨ ਵੱਲੋਂ ਉਸ ਤੋਂ ਫਿਰੌਤੀ ਦੀ ਧਮਕੀ ਦਿੱਤੀ ਗਈ ਸੀ। ਹੁਣ ਇਸੇ ਹਮਲੇ ‘ਚ ਉਸਦੀ ਥਾਰ ਗੱਡੀ ਨੂੰ ਵੀ ਭੰਨ-ਤੋੜ ਦਿੱਤਾ ਗਿਆ ਹੈ।
ਉੱਥੇ ਹੀ ਇਸ ਮਾਮਲੇ ’ਚ ਸ਼ੈਲਰ ਦੇ ਮਾਲਕ ਨਿਸ਼ਾਨ ਸਿੰਘ ਨੇ ਕਿਹਾ ਕਿ ਮੇਰਾ ਭਤੀਜਾ ਮਹਿਕਦੀਪ ਸਿੰਘ ਆਪਣੇ ਦਫਤਰੋਂ ਸ਼ੈਲਰ ’ਤੇ ਆ ਰਿਹਾ ਸੀ ਤੇ ਉਸ ਦੇ ਪਿੱਛੇ ਇੱਕ ਗੱਡੀ ਲੱਗਦੀ ਹੈ। ਮੇਰਾ ਭਤੀਜਾ ਮੈਨੂੰ ਫੋਨ ਕਰਦਾ ਹੈ ਕਿ ਮੇਰੇ ਪਿੱਛੇ ਬੰਦੇ ਲੱਗੇ ਨੇ ਜਿੱਦਾਂ ਹੀ ਉਹ ਸੈਲਰ ਤੇ ਆ ਕੇ ਆਪਣੀ ਕਾਰ ਰੋਕਦਾ ਹੈ ਤਾਂ ਉਥੇ ਤਾਬੜ ਤੋੜ ਗੋਲੀਆਂ ਚੱਲ ਰਹੀਆਂ ਨੇ। ਗਨੀਮਤ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ। ਸਾਡੀ ਸਾਰੀ ਥਾਰ ਗੱਡੀ ਭੰਨ ਦਿੱਤੀ ਹੈ। ਬਿਲਡਿੰਗ ਤੇ ਵੀ ਗੋਲੀਆਂ ਲੱਗੀਆਂ ਨੇ।
ਮੇਰੇ ਭਤੀਜੇ ਕੋਲੋਂ ਕੁਝ ਸਮਾਂ ਪਹਿਲਾਂ ਇਕ ਕਰੋੜ ਰੁਪਏ ਦੀ ਫਿਰੋਤੀ ਮੰਗੀ ਗਈ ਸੀ। ਨਾ ਦੇਣ ਦੀ ਸੂਰਤ ਦੇ ਵਿੱਚ ਇਹ ਗੋਲੀ ਚੱਲੀ ਹੈ ਅਤੇ ਇਸ ਦੌਰਾਨ ਅਸੀਂ ਵੀ ਜਵਾਬੀ ਫਾਇਰ ਕੀਤਾ। ਜੇਕਰ ਅਸੀਂ ਫਾਇਰ ਨਾ ਕਰਦੇ ਤਾਂ ਉਹਨਾਂ ਨੇ ਸਾਡੇ ਸ਼ੈਲਰ ਦੇ ਅੰਦਰ ਆ ਕੇ ਸਾਨੂੰ ਮਾਰ ਦੇਣਾ ਸੀ। ਜਿਸ ਗੱਡੀ ਦੇ ਪਿੱਛੇ ਇਹ ਦੋਸ਼ੀ ਲੱਗੇ ਹੋਏ ਸਨ ਉਸ ਨੌਜਵਾਨ ਨੇ ਕਿਹਾ ਕਿ ਮੇਰਾ ਇੱਕ ਹੋਰ ਦਫਤਰ ਹੈ। ਸਾਡਾ ਇੱਕ ਸ਼ੈਲਰ ਹੈ ਅਤੇ ਆੜਤ ਵੀ ਹੈ। ਪਹਿਲਾਂ ਇਹ ਲੋਕ ਮੇਰੇ ਦਫਤਰ ਆਉਂਦੇ ਨੇ ਜਦੋਂ ਉਥੇ ਇਹਨਾਂ ਨੂੰ ਨਹੀਂ ਮਿਲਦਾ ਤੇ ਇਹ ਮੇਰੇ ਪਿੱਛੇ ਗੱਡੀ ਲਾ ਕੇ ਤੇ ਸ਼ੈਲਰ ਤੇ ਆਉਂਦੇ ਨੇ ਤੇ ਮੈਨੂੰ ਗੋਲੀ ਨਾਲ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲਾਂ ਵੀ ਮੇਰੇ ਕੋਲ ਇਕ ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ ਸੀ। ਜਦ ਉਹ ਫਰੋਤੀ ਨਹੀਂ ਦਿੱਤੀ ਤੇ ਹੁਣ ਇਹ ਵਾਰਦਾਤ ਨੂੰ ਓਹਨਾ ਅੰਜਾਮ ਦਿੱਤਾ ਹੈ।
ਉਧਰ ਮੌਕੇ ’ਤੇ ਇਸ ਵਾਰਦਾਤ ਦੀ ਸੂਚਨਾ ਮਿਲਦੇ ਪੁਲਿਸ ਪਹੁੰਚੀ। ਜਾਂਚ ਅਧਕਾਰੀ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁਢਲੀ ਜਾਂਚ ’ਚ ਸਾਮਣੇ ਆਇਆ ਹੈ ਕਿ ਸ਼ੈਲਰ ਤੇ ਗੋਲੀ ਚੱਲੀ ਹੈ ਅਤੇ ਪਹਿਲਾਂ ਵੀ ਇਹਨਾਂ ਨੂੰ ਫਰੋਤੀ ਦੀ ਮੰਗ ਹੋਈ ਸੀ, ਜਿਸ ਦਾ ਮੁਕਦਮਾ ਦਰਜ ਕਰ ਲਿਆ ਗਿਆ ਸੀ। ਹੁਣ ਜੋ ਵਾਰਦਾਤ ਹੋਈ ਹੈ ਉਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲਾ ਦਰਜ ਕਰ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।