Toll Plaza New Rules: ਹਾਈਵੇਅ ਅਤੇ ਐਕਸਪ੍ਰੈਸਵੇਅ ‘ਤੇ ਸਫਰ ਕਰਨ ਵਾਲੇ ਵਾਹਨ ਚਾਲਕਾਂ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਹੁਣ ਹਾਈਵੇਅ ‘ਤੇ ਯਾਤਰਾ ਦੌਰਾਨ ਮਨਮਰਜ਼ੀ ਨਾਲ ਟੋਲ ਵਸੂਲਣ ਦੀ ਪ੍ਰਥਾ ਖਤਮ ਹੋਣ ਜਾ ਰਹੀ ਹੈ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਨੇ ਟੋਲ ਟੈਕਸ ਪ੍ਰਣਾਲੀ ਵਿੱਚ ਵੱਡਾ ਬਦਲਾਅ ਕੀਤਾ ਹੈ, ਇਸ ਨਵੇਂ ਨਿਯਮ ਦਾ ਉਦੇਸ਼ ਦੇਸ਼ ਭਰ ਦੇ ਲੱਖਾਂ ਵਾਹਨ ਚਾਲਕਾਂ ਦੀਆਂ ਜੇਬਾਂ ‘ਤੇ ਬੋਝ ਨੂੰ ਘੱਟ ਕਰਨਾ ਅਤੇ ਉਨ੍ਹਾਂ ਦੀ ਯਾਤਰਾ ਨੂੰ ਆਸਾਨ ਬਣਾਉਣਾ ਹੈ।
ਹੁਣ ਸਿਰਫ਼ ਤੈਅ ਦੂਰੀ ਦਾ ਹੀ ਦੇਣਾ ਪਵੇਗਾ ਟੋਲ
ਦੱਸ ਦਈਏ ਕਿ ਪੁਰਾਣੇ ਨਿਯਮਾਂ ਦੇ ਤਹਿਤ, ਜੇਕਰ ਕੋਈ ਵਾਹਨ ਚਾਲਕ ਹਾਈਵੇਅ ‘ਤੇ ਸਿਰਫ਼ 10 ਜਾਂ 15 ਕਿਲੋਮੀਟਰ ਦਾ ਸਫਰ ਕਰਦਾ ਸੀ, ਤਾਂ ਵੀ ਉਸ ਨੂੰ ਕਈ ਵਾਰ ਪੂਰੇ ਟੋਲ ਚਾਰਜ ਦਾ ਭੁਗਤਾਨ ਕਰਨਾ ਪੈਂਦਾ ਸੀ।ਪਰ ਹੁਣ ਨਵੇਂ ਨਿਯਮਾਂ ਤਹਿਤ ਵਾਹਨ ਚਾਲਕ ਨੂੰ ਸਿਰਫ਼ ਉਸੇ ਦੂਰੀ ਦਾ ਟੋਲ ਦੇਣਾ ਪਵੇਗਾ, ਜਿੰਨੀ ਦੂਰੀ ਉਹ ਅਸਲ ਵਿੱਚ ਹਾਈਵੇਅ ‘ਤੇ ਤੈਅ ਕਰੇਗਾ।
GPS ਅਧਾਰਿਤ ਟੋਲ ਸਿਸਟਮ ਨਾਲ ਮਿਲੇਗੀ ਰਾਹਤ
ਹੁਣ, ਤੁਸੀਂ ਸਿਰਫ਼ ਹਾਈਵੇਅ ‘ਤੇ ਚੱਲਣ ਵਾਲੇ ਕਿਲੋਮੀਟਰ ਲਈ ਹੀ ਟੋਲ ਦਾ ਭੁਗਤਾਨ ਕਰੋਗੇ।ਨਵੀਂ ਟੋਲ ਪ੍ਰਣਾਲੀ ਵਿੱਚ ਸੈਟੇਲਾਈਟ ਅਧਾਰਿਤ GPS ਟੋਲ ਕਲੈਕਸ਼ਨ ਸਿਸਟਮ ਦੀ ਵਰਤੋਂ ਕੀਤੀ ਜਾਵੇਗੀ। ਇਸ ਨਾਲ ਵਾਹਨ ਦੀ ਸਹੀ ਲੋਕੇਸ਼ਨ ਅਤੇ ਤੈਅ ਕੀਤੀ ਦੂਰੀ ਦੇ ਆਧਾਰ ‘ਤੇ ਟੋਲ ਦੀ ਗਣਨਾ ਕੀਤੀ ਜਾਵੇਗੀ।ਜਿਸਦਾ ਸਭ ਤੋਂ ਵੱਧ ਫਾਇਦਾ ਛੋਟੇ ਰੂਟਾਂ ‘ਤੇ ਯਾਤਰਾ ਕਰਨ ਵਾਲਿਆਂ ਨੂੰ ਹੋਵੇਗਾ।
ਟੋਲ ਪਲਾਜ਼ਿਆਂ ‘ਤੇ ਲੰਬੀਆਂ ਲਾਈਨਾਂ ਤੋਂ ਮਿਲੇਗਾ ਛੁਟਕਾਰਾ
ਇਸ ਤੋਂ ਇਲਾਵਾ, ਨਵੇਂ ਆਟੋਮੇਟਿਡ ਟੋਲ ਸਿਸਟਮ ਨਾਲ ਟੋਲ ਪਲਾਜ਼ਿਆਂ ‘ਤੇ ਲੱਗਣ ਵਾਲੇ ਲੰਬੇ ਜਾਮ ਤੋਂ ਵੀ ਰਾਹਤ ਮਿਲੇਗੀ। ਨਵਾਂ ਆਟੋਮੇਟਿਡ ਸਿਸਟਮ ਵਾਹਨਾਂ ਨੂੰ ਬਿਨਾਂ ਰੁਕੇ ਟੋਲ ਪਲਾਜ਼ਿਆਂ ਨੂੰ ਪਾਰ ਕਰਨ ਦੀ ਆਗਿਆ ਦੇਵੇਗਾ, ਜਿਸ ਨਾਲ ਬੈਰੀਅਰਾਂ ‘ਤੇ ਲੰਬੀਆਂ ਕਤਾਰਾਂ ਖਤਮ ਹੋ ਜਾਣਗੀਆਂ।
NHAI ਦਾ ਮੰਨਣਾ ਹੈ ਕਿ ਇਹ ਸਿਸਟਮ ਹਾਈਵੇਅ ‘ਤੇ ਵਾਹਨਾਂ ਦੀ ਗਤੀ ਨੂੰ ਬਣਾਈ ਰੱਖੇਗਾ ਅਤੇ ਯਾਤਰਾ ਦੇ ਅਨੁਭਵ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਚਾਰੂ ਅਤੇ ਮੁਸ਼ਕਲ ਰਹਿਤ ਬਣਾਏਗਾ।