ਚੰਡੀਗੜ੍ਹ: ਪੰਜਾਬ ਦੇ ਰੇਲਵੇ ਨੈੱਟਵਰਕ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਸਾਬਕਾ ਰੇਲ ਰਾਜ ਮੰਤਰੀ ਅਤੇ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਕਾਦੀਆਂ-ਬਿਆਸ ਰੇਲ ਪ੍ਰਾਜੈਕਟ ਲਈ 1,419 ਕਰੋੜ ਰੁਪਏ ਮਨਜ਼ੂਰ ਹੋਣ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਦੇ ਸਰਹੱਦੀ ਇਲਾਕਿਆਂ ਨੂੰ ਰੇਲਵੇ ਨੈੱਟਵਰਕ ਨਾਲ ਹੋਰ ਮਜ਼ਬੂਤੀ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਏਗਾ।
ਰਵਨੀਤ ਸਿੰਘ ਬਿੱਟੂ ਮੁਤਾਬਕ ਬਿਆਸ ਤੋਂ ਕਾਦੀਆਂ ਅਤੇ ਅੱਗੇ ਬਟਾਲਾ-ਕਾਦੀਆਂ ਰੇਲ ਲਾਈਨ ਨੂੰ ਜੋੜਨ ਵਾਲਾ ਇਹ ਪ੍ਰਾਜੈਕਟ ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਦੇ ਲੋਕਾਂ ਲਈ ਮਹੱਤਵਪੂਰਨ ਹੈ। ਇਸ ਨਾਲ ਬਿਆਸ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਵੱਲੋਂ ਆਉਣ ਵਾਲੀਆਂ ਰੇਲ ਲਾਈਨਾਂ ਨੂੰ ਪਠਾਨਕੋਟ ਵੱਲੋਂ ਆਉਣ ਵਾਲੇ ਰੂਟ ਨਾਲ ਜੋੜਨ ਵਿੱਚ ਮਦਦ ਮਿਲੇਗੀ।ਇਸ ਨਾਲ ਸਰਹੱਦੀ ਖੇਤਰਾਂ ਵਿੱਚ ਰੇਲ ਆਵਾਜਾਈ ਅਤੇ ਸੰਪਰਕ ਹੋਰ ਸੁਚਾਰੂ ਹੋਣ ਦੀ ਉਮੀਦ ਹੈ। ਪ੍ਰਾਜੈਕਟ ਦੇ ਪੂਰਾ ਹੋਣ ਨਾਲ ਇਲਾਕੇ ਦੇ ਲੋਕਾਂ ਨੂੰ ਆਵਾਜਾਈ ਦੇ ਪੱਖੋਂ ਵੱਡੀ ਸਹੂਲਤ ਮਿਲ ਸਕਦੀ ਹੈ।
ਕਰੀਬ 166 ਏਕੜ ਜ਼ਮੀਨ ਦੀ ਲੋੜ
ਬਿੱਟੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਲਈ ਲਗਭਗ 166 ਏਕੜ ਜ਼ਮੀਨ ਦੀ ਲੋੜ ਹੋਵੇਗੀ। ਇਸ ਤੋਂ ਇਲਾਵਾ ਜ਼ਮੀਨ ਹਾਸਲ ਕਰਨ, ਸਿਵਲ ਵਰਕ, ਸਿਗਨਲਿੰਗ, ਵਾਇਰਿੰਗ ਅਤੇ ਇਲੈਕਟ੍ਰਿਕਲ ਕੰਮ ਸਮੇਤ ਵੱਖ-ਵੱਖ ਕੰਮਾਂ ’ਤੇ ਵੱਡੀ ਰਕਮ ਖਰਚ ਕੀਤੀ ਜਾਵੇਗੀ।ਉਨ੍ਹਾਂ ਮੁਤਾਬਕ ਪ੍ਰਾਜੈਕਟ ਦੀ ਕੁੱਲ ਲਾਗਤ ਹੁਣ ਲਗਭਗ 1,419 ਕਰੋੜ ਰੁਪਏ ਤੱਕ ਪਹੁੰਚ ਗਈ ਹੈ।
ਦੇਰੀ ਕਾਰਨ ਵਧੀ ਪ੍ਰਾਜੈਕਟ ਦੀ ਲਾਗਤ
ਰਵਨੀਤ ਸਿੰਘ ਬਿੱਟੂ ਨੇ ਦੋਸ਼ ਲਗਾਇਆ ਕਿ ਇਹ ਪ੍ਰਾਜੈਕਟ ਪਹਿਲਾਂ ਵੀ ਸਰਕਾਰਾਂ ਦੀ ਅਣਗਹਿਲੀ ਕਾਰਨ ਲੰਬੇ ਸਮੇਂ ਤੱਕ ਲਟਕਦਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਪ੍ਰਾਜੈਕਟ ਨੂੰ ਸਮੇਂ ਸਿਰ ਲਾਗੂ ਕੀਤਾ ਜਾਂਦਾ ਤਾਂ ਇਸ ਦੀ ਲਾਗਤ ਕਾਫ਼ੀ ਘੱਟ ਰਹਿੰਦੀ।ਬਿੱਟੂ ਅਨੁਸਾਰ ਜਦੋਂ ਇਹ ਪ੍ਰਾਜੈਕਟ ਪਹਿਲੀ ਵਾਰ ਤਿਆਰ ਕੀਤਾ ਗਿਆ ਸੀ ਤਾਂ ਇਸ ਦੀ ਲਾਗਤ ਕਰੀਬ 500 ਕਰੋੜ ਰੁਪਏ ਸੀ। ਬਾਅਦ ਵਿੱਚ ਇਹ ਲਾਗਤ 841 ਕਰੋੜ ਰੁਪਏ ਤੱਕ ਪਹੁੰਚੀ ਅਤੇ ਹੁਣ ਵਧ ਕੇ ਲਗਭਗ 1,419 ਕਰੋੜ ਰੁਪਏ ਹੋ ਗਈ ਹੈ।
ਬਿੱਟੂ ਨੇ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ
ਭਾਜਪਾ ਆਗੂ ਨੇ ਕਿਹਾ ਕਿ ਇਹ ਲੋਕਾਂ ਦੇ ਟੈਕਸ ਦਾ ਪੈਸਾ ਹੈ, ਇਸ ਲਈ ਪ੍ਰਾਜੈਕਟ ਨੂੰ ਲਾਗੂ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਮਨਜ਼ੂਰਸ਼ੁਦਾ ਰੇਲਵੇ ਪ੍ਰਾਜੈਕਟਾਂ ਵਿੱਚ ਬੇਲੋੜੀ ਦੇਰੀ ਹੁੰਦੀ ਰਹੀ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਇਹ ਮਾਮਲੇ ਜ਼ਮੀਨੀ ਪੱਧਰ ’ਤੇ ਉਠਾਉਣਗੇ ਅਤੇ ਸਬੰਧਤ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਨਗੇ।
ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਲਈ ਮਨਜ਼ੂਰ ਹੋਏ ਰੇਲਵੇ ਪ੍ਰਾਜੈਕਟਾਂ ਨੂੰ ਸਮੇਂ ਸਿਰ ਪੂਰਾ ਕਰਵਾਉਣ ਲਈ ਇਕਜੁੱਟ ਹੋ ਕੇ ਕੰਮ ਕੀਤਾ ਜਾਵੇ।
