ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ (IGI Airport) ’ਤੇ ਸੋਨੇ ਦੀ ਤਸਕਰੀ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਕਸਟਮ ਵਿਭਾਗ ਨੇ ਇੱਕ ਯਾਤਰੀ ਨੂੰ 523 ਗ੍ਰਾਮ 24 ਕੈਰੇਟ ਸੋਨੇ ਸਮੇਤ ਕਾਬੂ ਕੀਤਾ ਹੈ। ਬਰਾਮਦ ਕੀਤੇ ਗਏ ਸੋਨੇ ਦੀ ਅੰਦਾਜ਼ਨ ਕੀਮਤ ਕਰੀਬ 1 ਕਰੋੜ ਰੁਪਏ ਦੱਸੀ ਜਾ ਰਹੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੋਨੇ ਨੂੰ ਆਮ ਸਮਾਨ ਵਿੱਚ ਨਹੀਂ, ਸਗੋਂ ਕੁੱਕਵੇਅਰ ਸੈੱਟ ਦੇ ਢੱਕਣਾਂ ਦੇ ਅੰਦਰ ਬੜੀ ਚਲਾਕੀ ਨਾਲ ਲੁਕਾਇਆ ਗਿਆ ਸੀ।
ਕੁੱਕਰ ਦੇ ਢੱਕਣਾਂ ’ਚ ਲੁਕਾਇਆ ਸੀ ਸੋਨਾ
ਕਸਟਮ ਅਧਿਕਾਰੀਆਂ ਮੁਤਾਬਕ ਯਾਤਰੀ ਨੇ ਨਾਨ-ਸਟਿੱਕ ਕੁੱਕਵੇਅਰ ਸੈੱਟ ਦੇ ਤਿੰਨ ਢੱਕਣਾਂ ਦੇ ਠੋਸ ਹਿੱਸਿਆਂ ਅੰਦਰ ਸੋਨਾ ਛੁਪਾਇਆ ਹੋਇਆ ਸੀ। ਤਲਾਸ਼ੀ ਦੌਰਾਨ ਇਨ੍ਹਾਂ ਢੱਕਣਾਂ ਵਿੱਚੋਂ 24 ਕੈਰੇਟ ਸੋਨੇ ਦੇ 15 ਟੁਕੜੇ ਬਰਾਮਦ ਕੀਤੇ ਗਏ।ਬਰਾਮਦ ਕੀਤੇ ਸੋਨੇ ਦਾ ਕੁੱਲ ਭਾਰ 523 ਗ੍ਰਾਮ ਦੱਸਿਆ ਗਿਆ ਹੈ, ਜਿਸ ਦੀ ਕੀਮਤ ਲਗਭਗ 1 ਕਰੋੜ ਰੁਪਏ ਹੈ। ਕਸਟਮ ਵਿਭਾਗ ਨੇ ਸੋਨਾ ਜ਼ਬਤ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਐਕਸ-ਰੇ ਸਕੈਨਿੰਗ ਦੌਰਾਨ ਹੋਇਆ ਸ਼ੱਕ
ਜਾਣਕਾਰੀ ਮੁਤਾਬਕ ਯਾਤਰੀ ਦੇ ਸਮਾਨ ਦੀ ਐਕਸ-ਰੇ ਸਕੈਨਿੰਗ ਦੌਰਾਨ ਅਧਿਕਾਰੀਆਂ ਨੂੰ ਕੁਝ ਸ਼ੱਕੀ ਨਜ਼ਰ ਆਇਆ। ਇਸ ਤੋਂ ਬਾਅਦ ਸਮਾਨ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ।ਜਦੋਂ ਕੁੱਕਵੇਅਰ ਸੈੱਟ ਦੇ ਢੱਕਣਾਂ ਦੀ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੇ ਅੰਦਰ ਲੁਕਾਏ ਗਏ ਸੋਨੇ ਦੇ ਟੁਕੜੇ ਬਰਾਮਦ ਹੋਏ। ਇਸ ਤਰੀਕੇ ਨਾਲ ਸੋਨਾ ਲੁਕਾਉਣ ਦੀ ਕੋਸ਼ਿਸ਼ ਨੇ ਕਸਟਮ ਅਧਿਕਾਰੀਆਂ ਨੂੰ ਵੀ ਹੈਰਾਨ ਕਰ ਦਿੱਤਾ।
ਰਿਆਧ ਤੋਂ ਮੁੰਬਈ ਹੁੰਦੇ ਹੋਏ ਦਿੱਲੀ ਪਹੁੰਚਿਆ ਸੀ ਯਾਤਰੀ
ਕਸਟਮ ਵਿਭਾਗ ਦੀ ਜਾਣਕਾਰੀ ਅਨੁਸਾਰ ਯਾਤਰੀ ਰਿਆਧ ਤੋਂ ਮੁੰਬਈ ਹੁੰਦੇ ਹੋਏ ਦਿੱਲੀ ਪਹੁੰਚਿਆ ਸੀ। ਖੁਫੀਆ ਜਾਣਕਾਰੀ ਅਤੇ ਪ੍ਰੋਫਾਈਲਿੰਗ ਦੇ ਆਧਾਰ ’ਤੇ ਫਲਾਈਟ ਨੰਬਰ 6E-315 ਦੇ ਇੱਕ ਯਾਤਰੀ ਨੂੰ ਰੋਕ ਕੇ ਪੁੱਛਗਿੱਛ ਅਤੇ ਤਲਾਸ਼ੀ ਕੀਤੀ ਗਈ।ਇਸ ਦੌਰਾਨ ਉਸ ਦੇ ਸਮਾਨ ਵਿੱਚੋਂ ਕੁੱਕਵੇਅਰ ਦੇ ਢੱਕਣਾਂ ਵਿੱਚ ਲੁਕਾਇਆ ਗਿਆ ਸੋਨਾ ਮਿਲਿਆ। ਕਸਟਮ ਅਧਿਕਾਰੀਆਂ ਨੇ ਸੋਨਾ ਜ਼ਬਤ ਕਰ ਲਿਆ ਅਤੇ ਯਾਤਰੀ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕੀਤੀ।
ਤਸਕਰੀ ਦੇ ਪਿੱਛੇ ਕੌਣ? ਜਾਂਚ ਜਾਰੀ
ਫਿਲਹਾਲ ਕਸਟਮ ਵਿਭਾਗ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਸੋਨਾ ਕਿੱਥੋਂ ਲਿਆਂਦਾ ਗਿਆ ਸੀ, ਇਸ ਨੂੰ ਕਿੱਥੇ ਪਹੁੰਚਾਇਆ ਜਾਣਾ ਸੀ ਅਤੇ ਇਸ ਤਸਕਰੀ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹਨ।ਕੁੱਕਰ ਦੇ ਢੱਕਣਾਂ ਦੇ ਅੰਦਰ 15 ਟੁਕੜਿਆਂ ਵਿੱਚ ਸੋਨਾ ਲੁਕਾ ਕੇ ਲਿਆਉਣ ਦਾ ਇਹ ਮਾਮਲਾ ਇੱਕ ਵਾਰ ਫਿਰ ਦੱਸਦਾ ਹੈ ਕਿ ਤਸਕਰ ਗੈਰ-ਕਾਨੂੰਨੀ ਤਰੀਕੇ ਨਾਲ ਕੀਮਤੀ ਧਾਤਾਂ ਨੂੰ ਲਿਜਾਣ ਲਈ ਕਿੰਨੇ ਵੱਖ-ਵੱਖ ਤਰੀਕੇ ਅਪਣਾਉਂਦੇ ਹਨ।
