Mohanjeet Singh Torture Case: ਪੰਜਾਬ ਦੇ ਸੁਨਾਮ ਨੇੜਲੇ ਪਿੰਡ ਸ਼ੇਰੋਂ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ‘ਸੱਥ’ ਪ੍ਰੋਗਰਾਮ ਦੌਰਾਨ ਇੱਕ ਸਿੱਖ ਨੌਜਵਾਨ ਮੋਹਨਜੀਤ ਸਿੰਘ ਨਾਲ ਕਥਿਤ ਪੁਲਿਸ ਤਸ਼ੱਦਦ ਦਾ ਮਾਮਲਾ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ (NHRC) ਤੱਕ ਪਹੁੰਚ ਗਿਆ ਹੈ। ਮਾਮਲੇ ਨੂੰ ਲੈ ਕੇ ਸਿਆਸੀ ਆਗੂਆਂ ਵੱਲੋਂ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਦੀ ਮੰਗ ਕੀਤੀ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਭਾਜਪਾ ਆਗੂ ਤਰੁਣ ਚੁੱਘ ਸਮੇਤ ਹੋਰ ਸਿਆਸੀ ਆਗੂਆਂ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਦਖ਼ਲ ਦੇਣ ਅਤੇ ਕਥਿਤ ਘਟਨਾ ਦੀ ਸੁਤੰਤਰ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।
CM ਮਾਨ ਦੇ ਪ੍ਰੋਗਰਾਮ ਤੋਂ ਬਾਅਦ ਕਥਿਤ ਤੌਰ ‘ਤੇ ਹੋਈ ਕੁੱਟਮਾਰ
ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਪਿੰਡ ਸ਼ੇਰੋਂ ਤੋਂ ਜਾਣ ਤੋਂ ਬਾਅਦ ਪੁਲਿਸ ਮੁਲਾਜ਼ਮਾਂ ਨੇ ਮੋਹਨਜੀਤ ਸਿੰਘ ਨੂੰ ਛੱਤ ਤੋਂ ਫੜਿਆ ਅਤੇ ਉਸ ਨਾਲ ਕਥਿਤ ਤੌਰ ‘ਤੇ ਕਰੀਬ ਇੱਕ ਘੰਟੇ ਤੱਕ ਕੁੱਟਮਾਰ ਕੀਤੀ।ਮੋਹਨਜੀਤ ਸਿੰਘ ਦੇ ਹਵਾਲੇ ਨਾਲ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਉਸ ਨੂੰ ਚੱਪਲਾਂ ਨਾਲ ਵੀ ਮਾਰਿਆ ਗਿਆ ਅਤੇ ਇਸ ਤੋਂ ਬਾਅਦ ਉਸ ਨੂੰ ਸੁਨਾਮ ਦੀ ਇੱਕ ਪੁਲਿਸ ਚੌਕੀ ਵਿੱਚ ਲਿਜਾਇਆ ਗਿਆ।
ਪੁਲਿਸ ਹਿਰਾਸਤ ‘ਚ ਥਰਡ ਡਿਗਰੀ ਤਸ਼ੱਦਦ ਦੇ ਗੰਭੀਰ ਦੋਸ਼
ਸ਼ਿਕਾਇਤ ਮੁਤਾਬਕ ਪੁਲਿਸ ਚੌਕੀ ਵਿੱਚ ਮੋਹਨਜੀਤ ਸਿੰਘ ਨਾਲ ਕਥਿਤ ਤੌਰ ‘ਤੇ ਥਰਡ ਡਿਗਰੀ ਤਸ਼ੱਦਦ ਕੀਤਾ ਗਿਆ। ਸ਼ਿਕਾਇਤ ਵਿੱਚ ਬਿਜਲੀ ਦੇ ਝਟਕੇ ਦੇਣ, ਲੱਤਾਂ ਨੂੰ ਜ਼ਬਰਦਸਤੀ ਖਿੱਚਣ ਅਤੇ ਸਰੀਰਕ ਤੌਰ ‘ਤੇ ਤਸ਼ੱਦਦ ਕਰਨ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ।ਇਸ ਤੋਂ ਇਲਾਵਾ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਕੁੱਟਮਾਰ ਦੌਰਾਨ ਉਸ ਦੀ ਦਾੜ੍ਹੀ ਅਤੇ ਵਾਲ ਖਿੱਚੇ ਗਏ ਅਤੇ ਸੱਟਾਂ ‘ਤੇ ਨਮਕ ਛਿੜਕਿਆ ਗਿਆ। ਹਾਲਾਂਕਿ ਇਨ੍ਹਾਂ ਦੋਸ਼ਾਂ ਦੀ ਅਧਿਕਾਰਤ ਅਤੇ ਸੁਤੰਤਰ ਜਾਂਚ ਹੋਣੀ ਬਾਕੀ ਹੈ।
ਜ਼ਬਰਦਸਤੀ ਨਸ਼ਾ ਕਰਵਾ ਕੇ ਡੋਪ ਟੈਸਟ ਕਰਵਾਉਣ ਦਾ ਵੀ ਦੋਸ਼
ਮਾਮਲੇ ਵਿੱਚ ਇੱਕ ਹੋਰ ਗੰਭੀਰ ਦੋਸ਼ ਇਹ ਵੀ ਲਗਾਇਆ ਗਿਆ ਹੈ ਕਿ ਮੋਹਨਜੀਤ ਸਿੰਘ ਨੂੰ ਪੁਲਿਸ ਹਿਰਾਸਤ ਦੌਰਾਨ ਕਥਿਤ ਤੌਰ ‘ਤੇ ਜ਼ਬਰਦਸਤੀ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਬਾਅਦ ਵਿੱਚ ਉਸ ਦਾ ਡੋਪ ਟੈਸਟ ਕਰਵਾਇਆ ਗਿਆ।ਸ਼ਿਕਾਇਤ ਮੁਤਾਬਕ ਡੋਪ ਟੈਸਟ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਮੋਹਨਜੀਤ ਸਿੰਘ ਖ਼ਿਲਾਫ਼ ਨਸ਼ਾ ਕਰਨ ਦੇ ਦੋਸ਼ ਹੇਠ FIR ਦਰਜ ਕੀਤੀ ਗਈ। ਸਿਆਸੀ ਆਗੂਆਂ ਨੇ ਇਸ FIR ‘ਤੇ ਵੀ ਸਵਾਲ ਚੁੱਕਦਿਆਂ ਪੂਰੇ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।
CCTV ਅਤੇ ਮੈਡੀਕਲ ਰਿਕਾਰਡ ਸੁਰੱਖਿਅਤ ਕਰਨ ਦੀ ਮੰਗ
ਆਗੂਆਂ ਵੱਲੋਂ NHRC ਨੂੰ ਅਪੀਲ ਕੀਤੀ ਗਈ ਹੈ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਤੋਂ ਮੋਹਨਜੀਤ ਸਿੰਘ ਦੀ ਗ੍ਰਿਫ਼ਤਾਰੀ, ਹਿਰਾਸਤ ਦੌਰਾਨ ਹੋਏ ਵਿਵਹਾਰ, ਮੈਡੀਕਲ ਜਾਂਚ, ਡੋਪ ਟੈਸਟ ਅਤੇ ਦਰਜ ਕੀਤੀ ਗਈ FIR ਸਬੰਧੀ ਵਿਸਥਾਰਪੂਰਵਕ ਰਿਪੋਰਟ ਮੰਗੀ ਜਾਵੇ।ਇਸ ਦੇ ਨਾਲ ਹੀ ਘਟਨਾ ਨਾਲ ਸਬੰਧਤ CCTV ਫੁਟੇਜ, ਵੀਡੀਓ ਰਿਕਾਰਡਿੰਗ, ਮੈਡੀਕਲ ਅਤੇ MLR ਰਿਕਾਰਡ, ਡੋਪ ਟੈਸਟ ਰਿਪੋਰਟ, ਪੁਲਿਸ ਰਿਕਾਰਡ ਅਤੇ ਕਾਲ ਡਿਟੇਲਜ਼ ਸਮੇਤ ਹੋਰ ਸੰਭਾਵਿਤ ਸਬੂਤਾਂ ਨੂੰ ਸੁਰੱਖਿਅਤ ਰੱਖਣ ਦੀ ਮੰਗ ਵੀ ਕੀਤੀ ਗਈ ਹੈ।
ਬਾਜਵਾ ਨੇ ਸੁਤੰਤਰ ਜਾਂਚ ਦੀ ਕੀਤੀ ਮੰਗ
ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਮਾਮਲੇ ਦਾ ਸਵੈ-ਨੋਟਿਸ ਲੈਣ ਅਤੇ ਸੁਤੰਤਰ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।ਉਨ੍ਹਾਂ ਨੇ ਕਥਿਤ ਤੌਰ ‘ਤੇ ਘਟਨਾ ਵਿੱਚ ਸ਼ਾਮਲ DSP ਅਤੇ ਹੋਰ ਪੁਲਿਸ ਮੁਲਾਜ਼ਮਾਂ ਨੂੰ ਜਾਂਚ ਪੂਰੀ ਹੋਣ ਤੱਕ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਮੋਹਨਜੀਤ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਕਰਵਾਉਣ ਦੀ ਵੀ ਮੰਗ ਕੀਤੀ ਗਈ ਹੈ।
ਤਰੁਣ ਚੁੱਘ ਨੇ NHRC ਤੋਂ ਤੁਰੰਤ ਦਖ਼ਲ ਦੀ ਕੀਤੀ ਮੰਗ
ਭਾਜਪਾ ਆਗੂ ਤਰੁਣ ਚੁੱਘ ਨੇ ਵੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪੱਤਰ ਲਿਖ ਕੇ ਮਾਮਲੇ ਵਿੱਚ ਤੁਰੰਤ ਦਖ਼ਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਇਸ ਘਟਨਾ ਨੂੰ ਗੰਭੀਰ ਮਨੁੱਖੀ ਅਧਿਕਾਰਾਂ ਦਾ ਮੁੱਦਾ ਦੱਸਦਿਆਂ ਕਥਿਤ ਦੋਸ਼ਾਂ ਦੀ ਨਿਰਪੱਖ ਜਾਂਚ ਕਰਵਾਉਣ ਦੀ ਅਪੀਲ ਕੀਤੀ।ਚੁੱਘ ਨੇ NHRC ਤੋਂ ਮਾਮਲੇ ਦਾ ਸੁਓ ਮੋਟੋ ਨੋਟਿਸ ਲੈਣ, ਇੱਕ ਸੁਤੰਤਰ ਤੱਥ-ਖੋਜ ਟੀਮ ਨੂੰ ਪਿੰਡ ਸ਼ੇਰੋਂ ਅਤੇ ਸਬੰਧਤ ਪੁਲਿਸ ਥਾਣੇ ਭੇਜਣ ਦੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਕਥਿਤ ਤੌਰ ‘ਤੇ ਜ਼ਿੰਮੇਵਾਰ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਅਤੇ ਮੋਹਨਜੀਤ ਸਿੰਘ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਆ ਅਤੇ ਮੈਡੀਕਲ ਸਹਾਇਤਾ ਦੇਣ ਦੀ ਵੀ ਅਪੀਲ ਕੀਤੀ ਗਈ ਹੈ।
ਹੁਣ NHRC ਦੀ ਕਾਰਵਾਈ ‘ਤੇ ਟਿਕੀਆਂ ਨਜ਼ਰਾਂ
ਮੋਹਨਜੀਤ ਸਿੰਘ ਨਾਲ ਕਥਿਤ ਪੁਲਿਸ ਤਸ਼ੱਦਦ ਦਾ ਮਾਮਲਾ ਹੁਣ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਤੱਕ ਪਹੁੰਚਣ ਤੋਂ ਬਾਅਦ ਹੋਰ ਗੰਭੀਰ ਹੋ ਗਿਆ ਹੈ। ਹੁਣ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹਨ ਕਿ NHRC ਇਸ ਮਾਮਲੇ ਦਾ ਸਵੈ-ਨੋਟਿਸ ਲੈਂਦਾ ਹੈ ਜਾਂ ਨਹੀਂ ਅਤੇ ਕਥਿਤ ਦੋਸ਼ਾਂ ਦੀ ਜਾਂਚ ਲਈ ਕੀ ਕਦਮ ਚੁੱਕੇ ਜਾਂਦੇ ਹਨ।
ਇਹ ਵੀ ਪੜ੍ਹੋ : FBI ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਨੂੰ ਕੀਤਾ Most Wanted ਸੂਚੀ ‘ਚ ਸ਼ਾਮਲ
