ਸਮਾਗਮ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਉਹ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜਿੱਥੇ ਵੀ ਜਾਂਦੇ ਹਨ, ਉੱਥੇ ਚੰਡੀਗੜ੍ਹ ਪੁਲਿਸ ਦੀ ਮਿਸਾਲ ਦਿੰਦੇ ਹਨ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਵਿੱਚ ਪ੍ਰਤੀ ਵਿਅਕਤੀ ਵਾਹਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਆਪਣੇ ਕਈ ਦੌਰਿਆਂ ਦੌਰਾਨ ਕਦੇ ਵੀ ਟ੍ਰੈਫਿਕ ਜਾਮ ਨਹੀਂ ਦੇਖਿਆ। ਉਨ੍ਹਾਂ ਮੁਤਾਬਕ ਚੰਡੀਗੜ੍ਹ ਪੁਲਿਸ ਨੇ ਟ੍ਰੈਫਿਕ ਪ੍ਰਬੰਧਨ ਦੀ ਬਿਹਤਰੀਨ ਵਿਵਸਥਾ ਕਾਇਮ ਕੀਤੀ ਹੈ।
ਚੰਡੀਗੜ੍ਹ ਪੁਲਿਸ ਨੂੰ ਮਿਲਿਆ ਰਾਸ਼ਟਰਪਤੀ ਦਾ ਵੱਕਾਰੀ ਸਨਮਾਨ
ਅਮਿਤ ਸ਼ਾਹ ਨੇ ਕਿਹਾ ਕਿ ‘ਪ੍ਰੈਜ਼ੀਡੈਂਟਸ ਕਲਰ’ ਸਨਮਾਨ ਚੰਡੀਗੜ੍ਹ ਪੁਲਿਸ ਦੀਆਂ ਪਿਛਲੇ 60 ਸਾਲਾਂ ਦੀਆਂ ਸੇਵਾਵਾਂ, ਸਮਰਪਣ ਅਤੇ ਬਹਾਦਰੀ ਦਾ ਪ੍ਰਤੀਕ ਹੈ। ਉਨ੍ਹਾਂ ਨੇ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸਮੂਹ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਸਾਲ 1966 ਤੋਂ ਚੰਡੀਗੜ੍ਹ ਪੁਲਿਸ ਸ਼ਹਿਰ ਦੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੀ ਹੈ। ਅੱਤਵਾਦ ਦੇ ਦੌਰ ਦੌਰਾਨ ਵੀ ਪੁਲਿਸ ਬਲ ਨੇ ਬਹਾਦਰੀ ਅਤੇ ਹਿੰਮਤ ਦੀ ਮਿਸਾਲ ਪੇਸ਼ ਕੀਤੀ ਸੀ।
ਚੰਡੀਗੜ੍ਹ ਪੁਲਿਸ ਦੇ ਬੇੜੇ ਵਿੱਚ ਸ਼ਾਮਲ ਹੋਣਗੇ 141 ਨਵੇਂ ਵਾਹਨ
ਸਮਾਗਮ ਦੌਰਾਨ ਅਮਿਤ ਸ਼ਾਹ ਨੇ ਐਲਾਨ ਕੀਤਾ ਕਿ ਚੰਡੀਗੜ੍ਹ ਪੁਲਿਸ ਦੇ ਬੇੜੇ ਵਿੱਚ 141 ਨਵੇਂ ਵਾਹਨ ਸ਼ਾਮਲ ਕੀਤੇ ਜਾਣਗੇ। ਇਨ੍ਹਾਂ ਵਾਹਨਾਂ ਨਾਲ ਪੁਲਿਸ ਦੀ ਗਸ਼ਤ, ਤੁਰੰਤ ਕਾਰਵਾਈ ਅਤੇ ਆਵਾਜਾਈ ਪ੍ਰਬੰਧਨ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ।ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਚੰਡੀਗੜ੍ਹ ਪੁਲਿਸ ਦਾ ਰਿਸਪਾਂਸ ਟਾਈਮ 4 ਮਿੰਟ 33 ਸਕਿੰਟ ਹੈ ਅਤੇ ਇਸ ਮਾਮਲੇ ਵਿੱਚ ਚੰਡੀਗੜ੍ਹ ਦੇਸ਼ ਵਿੱਚ ਦੂਜੇ ਸਥਾਨ ‘ਤੇ ਹੈ। ਉਨ੍ਹਾਂ ਉਮੀਦ ਜਤਾਈ ਕਿ ਨਵੇਂ ਵਾਹਨ ਸ਼ਾਮਲ ਹੋਣ ਨਾਲ ਅਗਲੇ ਸਾਲ ਤੱਕ ਚੰਡੀਗੜ੍ਹ ਪੁਲਿਸ ਪਹਿਲੇ ਸਥਾਨ ‘ਤੇ ਪਹੁੰਚ ਸਕਦੀ ਹੈ।
ਚੰਡੀਗੜ੍ਹ ਨੂੰ ਨਸ਼ਾ ਮੁਕਤ ਬਣਾਉਣ ਦਾ ਟੀਚਾ
ਅਮਿਤ ਸ਼ਾਹ ਨੇ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਚੰਡੀਗੜ੍ਹ ਨੂੰ ਦੇਸ਼ ਦਾ ਪਹਿਲਾ ਪੂਰੀ ਤਰ੍ਹਾਂ ਨਸ਼ਾ ਮੁਕਤ ਸ਼ਹਿਰ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚੰਡੀਗੜ੍ਹ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੌਕੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀ ਨਸ਼ਿਆਂ ਵਿਰੁੱਧ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 111 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਕੁਝ ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਭੇਜਿਆ ਗਿਆ ਹੈ। ਅਗਲੇ ਪੜਾਅ ਵਿੱਚ ਇਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੀ ਯੋਜਨਾ ਹੈ।
2,152 ਨਵੇਂ AI ਕੈਮਰਿਆਂ ਨਾਲ ਹੋਰ ਸੁਰੱਖਿਅਤ ਹੋਵੇਗਾ ਚੰਡੀਗੜ੍ਹ
ਅਮਿਤ ਸ਼ਾਹ ਨੇ ਸ਼ਹਿਰ ਦੀ ਸੁਰੱਖਿਆ ਲਈ ਆਧੁਨਿਕ ਤਕਨਾਲੋਜੀ ਦੀ ਵਰਤੋਂ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਵਿੱਚ ਇਸ ਸਮੇਂ 2,130 CCTV ਕੈਮਰੇ ਲੱਗੇ ਹੋਏ ਹਨ, ਜਦਕਿ ਭਾਰਤ ਸਰਕਾਰ ਵੱਲੋਂ 2,152 ਹੋਰ AI ਆਧਾਰਿਤ ਕੈਮਰੇ ਮੁਹੱਈਆ ਕਰਵਾਏ ਗਏ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਨਾਲ ਅਪਰਾਧਾਂ ਦੀ ਨਿਗਰਾਨੀ, ਸ਼ਹਿਰ ਦੀ ਸੁਰੱਖਿਆ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਵਿੱਚ ਹੋਰ ਮਦਦ ਮਿਲੇਗੀ।
ਨਵੇਂ ਕਾਨੂੰਨਾਂ ਤਹਿਤ ਪੁਲਿਸ ਦੀ ਕਾਰਗੁਜ਼ਾਰੀ ਦਾ ਵੀ ਕੀਤਾ ਜ਼ਿਕਰ
ਗ੍ਰਹਿ ਮੰਤਰੀ ਨੇ ਨਵੇਂ ਅਪਰਾਧਿਕ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀ ਕਾਰਗੁਜ਼ਾਰੀ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 4 ਅਗਸਤ 2024 ਤੋਂ ਹੁਣ ਤੱਕ 8,206 FIR ਦਰਜ ਕੀਤੀਆਂ ਗਈਆਂ ਹਨ ਅਤੇ ਇਨ੍ਹਾਂ ਵਿੱਚੋਂ 7,590 ਮਾਮਲਿਆਂ ਵਿੱਚ ਆਨਲਾਈਨ ਚਾਰਜਸ਼ੀਟਾਂ ਦਾਖ਼ਲ ਕੀਤੀਆਂ ਗਈਆਂ ਹਨ।ਉਨ੍ਹਾਂ ਮੁਤਾਬਕ ਨਵੇਂ ਕਾਨੂੰਨਾਂ ਅਤੇ ਤਕਨਾਲੋਜੀ ਦੀ ਵਰਤੋਂ ਨਾਲ ਅਪਰਾਧਿਕ ਮਾਮਲਿਆਂ ਦੀ ਜਾਂਚ ਅਤੇ ਨਿਆਂ ਪ੍ਰਕਿਰਿਆ ਨੂੰ ਤੇਜ਼ ਕਰਨ ਵਿੱਚ ਮਦਦ ਮਿਲ ਰਹੀ ਹੈ।
ਟ੍ਰਾਈਸਿਟੀ ਵਿੱਚ ਤਾਲਮੇਲ ਦੀ ਕੀਤੀ ਤਾਰੀਫ਼
ਅਮਿਤ ਸ਼ਾਹ ਨੇ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਪੁਲਿਸ ਵਿਚਾਲੇ ਤਾਲਮੇਲ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੋਵਾਂ ਦੀ ਸਾਂਝੀ ਰਾਜਧਾਨੀ ਹੈ ਅਤੇ ਇੱਥੇ ਕਈ ਅਹਿਮ ਸਰਕਾਰੀ ਗਤੀਵਿਧੀਆਂ ਹੁੰਦੀਆਂ ਹਨ। ਅਜਿਹੇ ਵਿੱਚ ਤਿੰਨਾਂ ਪੁਲਿਸ ਬਲਾਂ ਵਿਚਾਲੇ ਤਾਲਮੇਲ ਬਹੁਤ ਜ਼ਰੂਰੀ ਹੈ।ਇਸ ਮੌਕੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਵੀ ਪੁਲਿਸ ਬਲ ਨੂੰ ਮਿਲੇ ਰਾਸ਼ਟਰਪਤੀ ਸਨਮਾਨ ‘ਤੇ ਖੁਸ਼ੀ ਜ਼ਾਹਰ ਕੀਤੀ ਅਤੇ ਇਸ ਨੂੰ ਪੂਰੇ ਸ਼ਹਿਰ ਲਈ ਮਾਣ ਵਾਲੀ ਗੱਲ ਦੱਸਿਆ।
