ਇਹ ਫੈਸਲਾ ਅਜਿਹੇ ਸਮੇਂ ਲਿਆ ਗਿਆ ਹੈ ਜਦੋਂ ਭਾਰਤ ਸਰਕਾਰ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਨਿਗਰਾਨੀ ਸਖ਼ਤ ਕੀਤੀ ਜਾ ਰਹੀ ਹੈ। ਸਰਕਾਰ ਨੇ Meta ਨੂੰ ਆਪਣੇ ਪਲੇਟਫਾਰਮ ‘ਤੇ ਪੋਸਟਾਂ ਦੀ ਸਿਫ਼ਾਰਸ਼ ਕਰਨ ਵਾਲੇ ਸਿਸਟਮ ਦੀ ਸਮੀਖਿਆ ਕਰਨ ਅਤੇ ਹਿੰਸਾ ਭੜਕਾਉਣ ਵਾਲੀ ਸਮੱਗਰੀ ‘ਤੇ ਨਜ਼ਰ ਰੱਖਣ ਲਈ ਕਿਹਾ ਸੀ।
Meta ਨੇ Instagram ਦੇ ਰਿਕਮੈਂਡੇਸ਼ਨ ਸਿਸਟਮ ਵਿੱਚ ਕੀਤੇ ਬਦਲਾਅ
Meta ਮੁਤਾਬਕ, ਭਾਰਤ ਵਿੱਚ Instagram ਦੇ ਰਿਕਮੈਂਡੇਸ਼ਨ ਸਿਸਟਮ ਨੂੰ ਹੋਰ ਸੁਰੱਖਿਅਤ ਬਣਾਇਆ ਗਿਆ ਹੈ। ਹੁਣ ਅਜਿਹੀ ਸਮੱਗਰੀ ਨੂੰ ਘੱਟ ਉਤਸ਼ਾਹਿਤ ਕੀਤਾ ਜਾਵੇਗਾ, ਜਿਸ ਵਿੱਚ ਜਿਨਸੀ ਤੌਰ ‘ਤੇ ਇਤਰਾਜ਼ਯੋਗ ਜਾਂ ਹਿੰਸਕ ਤਸਵੀਰਾਂ ਅਤੇ ਵੀਡੀਓਜ਼ ਸ਼ਾਮਲ ਹੋਣ।
ਇਸ ਦਾ ਸਭ ਤੋਂ ਵੱਧ ਅਸਰ ਉਨ੍ਹਾਂ ਖਾਤਿਆਂ ਦੀਆਂ ਪੋਸਟਾਂ ‘ਤੇ ਪਵੇਗਾ, ਜਿਨ੍ਹਾਂ ਨੂੰ ਯੂਜ਼ਰਜ਼ ਫਾਲੋ ਨਹੀਂ ਕਰਦੇ। ਯਾਨੀ Instagram ਦੇ Explore Page, Reels ਅਤੇ ਹੋਰ ਰਿਕਮੈਂਡੇਸ਼ਨ ਵਿੱਚ ਅਜਿਹੀ ਸਮੱਗਰੀ ਘੱਟ ਦਿਖਾਈ ਦੇ ਸਕਦੀ ਹੈ।
ਹਾਲਾਂਕਿ, Meta ਨੇ ਸਪੱਸ਼ਟ ਕੀਤਾ ਹੈ ਕਿ ਇਹ ਬਦਲਾਅ ਹਰ ਅਜਿਹੀ ਪੋਸਟ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਬਰਾਬਰ ਨਹੀਂ ਹਨ। ਮੁੱਖ ਤੌਰ ‘ਤੇ ਅਜਿਹੀ ਸਮੱਗਰੀ ਦੀ ਸਿਫ਼ਾਰਸ਼ ਅਤੇ ਪਹੁੰਚ ਘਟਾਉਣ ‘ਤੇ ਧਿਆਨ ਦਿੱਤਾ ਜਾ ਰਿਹਾ ਹੈ।
ਸਰਕਾਰ ਦੀ ਐਡਵਾਇਜ਼ਰੀ ਤੋਂ ਬਾਅਦ ਵਧੀ ਸਖ਼ਤੀ
ਦਰਅਸਲ, ਭਾਰਤ ਦੇ ਆਈਟੀ ਮੰਤਰਾਲੇ ਨੇ 10 ਅਕਤੂਬਰ ਨੂੰ ਇੱਕ ਐਡਵਾਇਜ਼ਰੀ ਜਾਰੀ ਕਰਕੇ Meta ਨੂੰ ਆਪਣੇ ਰੈਂਕਿੰਗ ਅਤੇ ਰਿਕਮੈਂਡੇਸ਼ਨ ਸਿਸਟਮ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਸਨ।
ਸਰਕਾਰ ਦਾ ਕਹਿਣਾ ਸੀ ਕਿ ਸੋਸ਼ਲ ਮੀਡੀਆ ‘ਤੇ ਗੁੰਮਰਾਹਕੁੰਨ, ਤੋੜ-ਮਰੋੜ ਕੇ ਪੇਸ਼ ਕੀਤੀ ਗਈ ਜਾਂ ਸੰਦਰਭ ਤੋਂ ਬਾਹਰਲੀ ਸਮੱਗਰੀ ਨੂੰ ਬੇਲੋੜਾ ਪ੍ਰਚਾਰ ਨਹੀਂ ਮਿਲਣਾ ਚਾਹੀਦਾ। ਇਸ ਦੇ ਨਾਲ ਹੀ ਹਿੰਸਾ ਭੜਕਾਉਣ ਅਤੇ ਜਨਤਕ ਵਿਵਸਥਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਪੋਸਟਾਂ ‘ਤੇ ਵੀ ਨਿਗਰਾਨੀ ਵਧਾਉਣ ਲਈ ਕਿਹਾ ਗਿਆ ਸੀ।ਇਸ ਤੋਂ ਬਾਅਦ Meta ਨੇ ਆਪਣੇ ਡਿਫਾਲਟ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਜਾਣਕਾਰੀ ਦਿੱਤੀ।
ਇੱਕ ਸਾਲ ਵਿੱਚ ਅੱਧੀਆਂ ਰਹਿ ਗਈਆਂ ਸ਼ਿਕਾਇਤਾਂ
Meta ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ Instagram ‘ਤੇ ਸਿਫ਼ਾਰਸ਼ ਕੀਤੀ ਗਈ ਸਮੱਗਰੀ ਨੂੰ ਲੈ ਕੇ ਯੂਜ਼ਰਜ਼ ਵੱਲੋਂ ਕੀਤੀਆਂ ਜਾਣ ਵਾਲੀਆਂ ਸ਼ਿਕਾਇਤਾਂ ਵਿੱਚ ਕਮੀ ਆਈ ਹੈ।ਕੰਪਨੀ ਮੁਤਾਬਕ, ਇੱਕ ਸਾਲ ਪਹਿਲਾਂ ਦੇ ਮੁਕਾਬਲੇ ਹੁਣ ਅਜਿਹੀ ਸਮੱਗਰੀ ਦੀਆਂ ਲਗਭਗ ਅੱਧੀਆਂ ਰਿਪੋਰਟਾਂ ਮਿਲ ਰਹੀਆਂ ਹਨ। ਹਾਲਾਂਕਿ, Meta ਨੇ ਇਸ ਦਾਅਵੇ ਦੇ ਸਮਰਥਨ ਵਿੱਚ ਕੋਈ ਵਿਸਥਾਰਪੂਰਵਕ ਅੰਕੜੇ ਜਾਰੀ ਨਹੀਂ ਕੀਤੇ ਹਨ।
ਕੀ Instagram ਤੋਂ ਸਾਰਾ ਅਸ਼ਲੀਲ ਕੰਟੈਂਟ ਹਟ ਜਾਵੇਗਾ?
ਇੱਥੇ ਯੂਜ਼ਰਜ਼ ਲਈ ਇਹ ਸਮਝਣਾ ਜ਼ਰੂਰੀ ਹੈ ਕਿ ਨਵੇਂ ਨਿਯਮਾਂ ਦਾ ਮਤਲਬ Instagram ਤੋਂ ਹਰ ਤਰ੍ਹਾਂ ਦੀ ਅਸ਼ਲੀਲ ਜਾਂ ਹਿੰਸਕ ਸਮੱਗਰੀ ਨੂੰ ਪੂਰੀ ਤਰ੍ਹਾਂ ਹਟਾਉਣਾ ਨਹੀਂ ਹੈ।Meta ਦਾ ਮੁੱਖ ਉਦੇਸ਼ ਅਜਿਹੀਆਂ ਪੋਸਟਾਂ ਨੂੰ ਯੂਜ਼ਰਜ਼ ਦੀ ਫੀਡ ਵਿੱਚ ਸਿਫ਼ਾਰਸ਼ ਕੀਤੇ ਜਾਣ ਤੋਂ ਰੋਕਣਾ ਜਾਂ ਉਨ੍ਹਾਂ ਦੀ ਪਹੁੰਚ ਘਟਾਉਣਾ ਹੈ। ਇਸ ਤਰ੍ਹਾਂ ਯੂਜ਼ਰਜ਼ ਨੂੰ ਉਨ੍ਹਾਂ ਖਾਤਿਆਂ ਦੀ ਸਮੱਗਰੀ ਘੱਟ ਦਿਖਾਈ ਦੇਵੇਗੀ, ਜਿਨ੍ਹਾਂ ਨੂੰ ਉਹ ਫਾਲੋ ਨਹੀਂ ਕਰਦੇ।
Meta ਇਸ ਤੋਂ ਪਹਿਲਾਂ ਕੈਨੇਡਾ ਅਤੇ ਬ੍ਰਾਜ਼ੀਲ ਵਰਗੇ ਦੇਸ਼ਾਂ ਵਿੱਚ Facebook ਦੀ ਸਮੱਗਰੀ ਰੈਂਕਿੰਗ ਵਿੱਚ ਵੀ ਬਦਲਾਅ ਕਰ ਚੁੱਕੀ ਹੈ। ਕੰਪਨੀ ਦਾ ਉਦੇਸ਼ ਯੂਜ਼ਰਜ਼ ਨੂੰ ਉਨ੍ਹਾਂ ਦੀ ਪਸੰਦ ਅਤੇ ਸੁਰੱਖਿਆ ਦੇ ਅਨੁਸਾਰ ਸਮੱਗਰੀ ਦਿਖਾਉਣਾ ਹੈ।
ਹੁਣ ਭਾਰਤ ਵਿੱਚ Instagram ਦੇ ਨਵੇਂ ਬਦਲਾਅ ਲਾਗੂ ਹੋਣ ਨਾਲ ਯੂਜ਼ਰਜ਼ ਨੂੰ ਅਸ਼ਲੀਲ ਅਤੇ ਹਿੰਸਕ ਸਮੱਗਰੀ ਦੀਆਂ ਸਿਫ਼ਾਰਸ਼ਾਂ ਪਹਿਲਾਂ ਨਾਲੋਂ ਘੱਟ ਮਿਲਣ ਦੀ ਉਮੀਦ ਹੈ। ਇਸ ਫੈਸਲੇ ਨਾਲ ਕਰੋੜਾਂ ਭਾਰਤੀ Instagram ਯੂਜ਼ਰਜ਼ ਦੇ ਸੋਸ਼ਲ ਮੀਡੀਆ ਤਜਰਬੇ ਵਿੱਚ ਬਦਲਾਅ ਆ ਸਕਦਾ ਹੈ।
