ਸਾਈਬਰ ਅਪਰਾਧੀ GTA 6 ਦੇ ਨਾਮ ’ਤੇ ਜਾਅਲੀ ਡਾਊਨਲੋਡ ਲਿੰਕ, ਮੁਫ਼ਤ ਗੇਮ ਦੀਆਂ ਪੇਸ਼ਕਸ਼ਾਂ ਅਤੇ ਸਸਤੇ ਪ੍ਰੀ-ਆਰਡਰ ਕੋਡਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਸਾਈਬਰ ਸੁਰੱਖਿਆ ਫਰਮਾਂ Malwarebytes ਅਤੇ Netcraft ਦੀ ਜਾਂਚ ਵਿੱਚ ਅਜਿਹੀਆਂ ਕਈ ਸ਼ੱਕੀ ਵੈੱਬਸਾਈਟਾਂ ਅਤੇ ਪੇਸ਼ਕਸ਼ਾਂ ਸਾਹਮਣੇ ਆਈਆਂ ਹਨ।
ਮੁਫ਼ਤ GTA 6 ਦੇਣ ਦੇ ਨਾਮ ’ਤੇ ਚੋਰੀ ਹੋ ਰਹੀ ਨਿੱਜੀ ਜਾਣਕਾਰੀ
ਜਾਂਚ ਮੁਤਾਬਕ ਕੁਝ ਵੈੱਬਸਾਈਟਾਂ GTA 6 ਮੁਫ਼ਤ ਦੇਣ ਦਾ ਦਾਅਵਾ ਕਰਦੀਆਂ ਹਨ, ਪਰ ਇਸ ਦੇ ਬਦਲੇ ਯੂਜ਼ਰਾਂ ਨੂੰ ਆਪਣੇ Google ਖਾਤੇ ਰਾਹੀਂ ਸਾਈਨ-ਇਨ ਕਰਨ ਜਾਂ ਕੁਝ ਖਾਸ ਕੰਮ ਪੂਰੇ ਕਰਨ ਲਈ ਕਿਹਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਸਾਈਟਾਂ ਜਾਅਲੀ Google ਲੌਗਇਨ ਪੰਨੇ ਵੀ ਦਿਖਾਉਂਦੀਆਂ ਹਨ।ਇਨ੍ਹਾਂ ਪੰਨਿਆਂ ਰਾਹੀਂ ਯੂਜ਼ਰਾਂ ਦੇ ਯੂਜ਼ਰਨੇਮ ਅਤੇ ਪਾਸਵਰਡ ਚੋਰੀ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ, ਮੁਫ਼ਤ ਕੋਡ ਜਨਰੇਟਰ ਅਤੇ ਗੇਮ ਡਾਊਨਲੋਡ ਕਰਨ ਦੇ ਲਾਲਚ ਰਾਹੀਂ ਵੀ ਲੋਕਾਂ ਨੂੰ ਫਸਾਇਆ ਜਾ ਰਿਹਾ ਹੈ।
GTA 6 ਦੇ ਨਾਮ ’ਤੇ ਜਾਅਲੀ ਐਂਡਰਾਇਡ ਐਪ ਵੀ ਸਾਹਮਣੇ ਆਈ
Malwarebytes ਨੂੰ GTA 6 ਨਾਲ ਜੁੜੀ ਇੱਕ ਵੈੱਬਸਾਈਟ ’ਤੇ ਸ਼ੱਕੀ ਐਂਡਰਾਇਡ ਐਪ ਮਿਲੀ। ਜਾਂਚ ਵਿੱਚ ਪਤਾ ਲੱਗਾ ਕਿ ਇਹ GTA 6 ਦਾ ਮੋਬਾਈਲ ਵਰਜ਼ਨ ਨਹੀਂ ਸੀ, ਸਗੋਂ ਇਸ਼ਤਿਹਾਰ ਦਿਖਾਉਣ ਲਈ ਬਣਾਈ ਗਈ ਐਪ ਸੀ।
ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ Rockstar Games ਵੱਲੋਂ Android ਜਾਂ iOS ਲਈ GTA 6 ਦਾ ਕੋਈ ਅਧਿਕਾਰਤ ਸੰਸਕਰਣ ਜਾਰੀ ਨਹੀਂ ਕੀਤਾ ਗਿਆ ਹੈ। ਇਸ ਲਈ ਮੋਬਾਈਲ ’ਤੇ GTA 6 ਡਾਊਨਲੋਡ ਕਰਨ ਦਾ ਦਾਅਵਾ ਕਰਨ ਵਾਲੀਆਂ ਅਣਜਾਣ ਐਪਾਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਡਾਊਨਲੋਡ ਫਾਈਲ ਵਿੱਚ ਮਿਲਿਆ ਟਰੋਜਨ ਮਾਲਵੇਅਰ
Netcraft ਦੀ ਜਾਂਚ ਵਿੱਚ ਇੱਕ ਸ਼ੱਕੀ ਵੈੱਬਸਾਈਟ ’ਤੇ ਮੌਜੂਦ ਡਾਊਨਲੋਡ ਫਾਈਲ ਨੂੰ VirusTotal ’ਤੇ 68 ਵਿੱਚੋਂ 34 ਐਂਟੀਵਾਇਰਸ ਪ੍ਰੋਗਰਾਮਾਂ ਨੇ ਖ਼ਤਰਨਾਕ ਕਰਾਰ ਦਿੱਤਾ। ਇਸ ਫਾਈਲ ਦੀ ਪਛਾਣ ਟਰੋਜਨ ਵਜੋਂ ਕੀਤੀ ਗਈ।
ਇਸੇ ਵੈੱਬਸਾਈਟ ’ਤੇ ਮਿਲੇ ਇੱਕ ਹੋਰ ਲਾਂਚਰ ਨੂੰ 62 ਵਿੱਚੋਂ 18 ਸੁਰੱਖਿਆ ਸਾਧਨਾਂ ਨੇ ਸ਼ੱਕੀ ਦੱਸਿਆ। ਰਿਪੋਰਟ ਮੁਤਾਬਕ ਇਹ ਲਾਂਚਰ ਯੂਜ਼ਰਾਂ ਤੋਂ 100 ਡਾਲਰ ਮੁੱਲ ਦੀ ਕ੍ਰਿਪਟੋਕਰੰਸੀ ਦੀ ਮੰਗ ਵੀ ਕਰਦਾ ਸੀ। ਵੈੱਬਸਾਈਟ ’ਤੇ ਕ੍ਰੈਡਿਟ ਕਾਰਡ, ਡੈਬਿਟ ਕਾਰਡ, PayPal, ਬੈਂਕ ਟ੍ਰਾਂਸਫਰ ਅਤੇ ਕ੍ਰਿਪਟੋਕਰੰਸੀ ਰਾਹੀਂ ਭੁਗਤਾਨ ਦੇ ਵਿਕਲਪ ਵੀ ਦਿੱਤੇ ਗਏ ਸਨ।ਅਜਿਹੀਆਂ ਨਵੀਆਂ ਅਤੇ ਗੁਮਨਾਮ ਵੈੱਬਸਾਈਟਾਂ ’ਤੇ ਭਰੋਸਾ ਕਰਨਾ ਵਿੱਤੀ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
GTA 6 ਦੇ ਨਾਮ ’ਤੇ ਹੋਣ ਵਾਲੇ ਘੁਟਾਲੇ ਤੋਂ ਕਿਵੇਂ ਬਚੀਏ?
ਸਾਈਬਰ ਮਾਹਿਰਾਂ ਦੀ ਸਲਾਹ ਹੈ ਕਿ ਗੇਮ ਡਾਊਨਲੋਡ ਕਰਨ ਜਾਂ ਖਰੀਦਣ ਸਮੇਂ ਕੁਝ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ ਹਨ:
- ਕਿਸੇ ਵੀ ਅਣਜਾਣ ਵੈੱਬਸਾਈਟ ’ਤੇ ਆਪਣਾ Google ਜਾਂ ਗੇਮਿੰਗ ਖਾਤੇ ਦਾ ਪਾਸਵਰਡ ਨਾ ਦਿਓ।
- GTA 6 ਦੇ ਮੁਫ਼ਤ ਡਾਊਨਲੋਡ ਦਾ ਦਾਅਵਾ ਕਰਨ ਵਾਲੇ ਲਿੰਕਾਂ ਤੋਂ ਬਚੋ।
- ਕਿਸੇ ਵੀ ਲਿੰਕ ’ਤੇ ਕਲਿੱਕ ਕਰਨ ਤੋਂ ਪਹਿਲਾਂ ਵੈੱਬਸਾਈਟ ਦਾ ਪੂਰਾ URL ਚੈੱਕ ਕਰੋ।
- ਗੇਮ ਸਿਰਫ਼ ਅਧਿਕਾਰਤ ਪਲੇਟਫਾਰਮ ਜਾਂ ਭਰੋਸੇਯੋਗ ਰਿਟੇਲਰ ਤੋਂ ਹੀ ਖਰੀਦੋ।
- ਸ਼ੱਕੀ ਐਪ ਜਾਂ ਫਾਈਲ ਨੂੰ ਡਾਊਨਲੋਡ ਕਰਨ ਤੋਂ ਬਾਅਦ ਨਾ ਖੋਲ੍ਹੋ।
ਤੁਸੀਂ ਗਲਤੀ ਨਾਲ ਸ਼ੱਕੀ ਲਿੰਕ ’ਤੇ ਕਲਿੱਕ ਕਰ ਦਿੱਤਾ ਤਾਂ ਕੀ ਕਰੀਏ?
ਜੇਕਰ ਤੁਸੀਂ ਕਿਸੇ ਸ਼ੱਕੀ ਲਿੰਕ ’ਤੇ ਕਲਿੱਕ ਕੀਤਾ ਹੈ ਪਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਾਂ ਫਾਈਲ ਡਾਊਨਲੋਡ ਨਹੀਂ ਕੀਤੀ, ਤਾਂ ਤੁਰੰਤ ਉਸ ਵੈੱਬਸਾਈਟ ਤੋਂ ਬਾਹਰ ਆ ਜਾਓ।ਜੇਕਰ ਤੁਸੀਂ ਆਪਣਾ ਲੌਗਇਨ ਪਾਸਵਰਡ ਸਾਂਝਾ ਕਰ ਦਿੱਤਾ ਹੈ, ਤਾਂ ਅਧਿਕਾਰਤ ਪਲੇਟਫਾਰਮ ’ਤੇ ਜਾ ਕੇ ਤੁਰੰਤ ਪਾਸਵਰਡ ਬਦਲੋ ਅਤੇ ਦੋ-ਪੜਾਅ ਵਾਲੀ ਸੁਰੱਖਿਆ (Two-Factor Authentication) ਚਾਲੂ ਕਰੋ।
ਜੇਕਰ ਕੋਈ ਸ਼ੱਕੀ ਫਾਈਲ ਡਾਊਨਲੋਡ ਕੀਤੀ ਹੈ, ਤਾਂ ਉਸਨੂੰ ਨਾ ਖੋਲ੍ਹੋ ਅਤੇ ਆਪਣੀ ਡਿਵਾਈਸ ਦੀ ਸੁਰੱਖਿਆ ਜਾਂਚ ਕਰੋ। ਜੇਕਰ ਤੁਸੀਂ ਬੈਂਕ ਜਾਂ ਕਾਰਡ ਦੀ ਜਾਣਕਾਰੀ ਸਾਂਝੀ ਕੀਤੀ ਹੈ ਜਾਂ ਕੋਈ ਭੁਗਤਾਨ ਕੀਤਾ ਹੈ, ਤਾਂ ਤੁਰੰਤ ਆਪਣੇ ਬੈਂਕ ਜਾਂ ਭੁਗਤਾਨ ਸੇਵਾ ਪ੍ਰਦਾਤਾ ਨਾਲ ਸੰਪਰਕ ਕਰੋ।
ਇਸ ਲਈ GTA 6 ਖੇਡਣ ਦੇ ਉਤਸ਼ਾਹ ਵਿੱਚ ਕਿਸੇ ਵੀ ਮੁਫ਼ਤ ਡਾਊਨਲੋਡ ਦੇ ਲਾਲਚ ਵਿੱਚ ਨਾ ਆਓ। ਯਾਦ ਰੱਖੋ, ਇੱਕ ਗਲਤ ਕਲਿੱਕ ਤੁਹਾਡੀ ਨਿੱਜੀ ਜਾਣਕਾਰੀ ਅਤੇ ਪੈਸੇ ਦੋਵਾਂ ਨੂੰ ਖ਼ਤਰੇ ਵਿੱਚ ਪਾ ਸਕਦਾ ਹੈ।
