575 ਬੂਥਾਂ ਤੋਂ ਪਹੁੰਚੇ ਭਾਜਪਾ ਵਰਕਰ
ਇਸ ਬੂਥ ਕਾਰਜਕਰਤਾ ਸੰਮੇਲਨ ਵਿੱਚ ਚੰਡੀਗੜ੍ਹ ਦੇ ਸਾਰੇ 575 ਬੂਥਾਂ ਤੋਂ ਭਾਜਪਾ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਬੂਥ ਪੱਧਰ ਤੋਂ ਲੈ ਕੇ ਪ੍ਰਦੇਸ਼ ਪੱਧਰ ਤੱਕ ਦੇ ਆਗੂ ਇਸ ਪ੍ਰੋਗਰਾਮ ਵਿੱਚ ਮੌਜੂਦ ਰਹੇ।ਸੰਮੇਲਨ ਦੌਰਾਨ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਵਰਕਰਾਂ ਨੂੰ ਜਨਸੰਪਰਕ ਵਧਾਉਣ ਅਤੇ ਪਾਰਟੀ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਲਈ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਨੇ ਚੋਣਾਂ ਦੌਰਾਨ ਬੂਥ ਪੱਧਰ ‘ਤੇ ਸਰਗਰਮ ਰਹਿਣ ਅਤੇ ਵੱਧ ਤੋਂ ਵੱਧ ਲੋਕਾਂ ਤੱਕ ਪਾਰਟੀ ਦੀਆਂ ਨੀਤੀਆਂ ਤੇ ਪ੍ਰਾਪਤੀਆਂ ਪਹੁੰਚਾਉਣ ‘ਤੇ ਜ਼ੋਰ ਦਿੱਤਾ।
ਸਾਰੇ 35 ਵਾਰਡਾਂ ‘ਚ ਜਿੱਤ ਦਾ ਟੀਚਾ
ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲਹੋਤਰਾ ਅਤੇ ਨਗਰ ਨਿਗਮ ਚੋਣ ਇੰਚਾਰਜ ਸਤੀਸ਼ ਉਪਾਧਿਆਏ ਨੇ ਦੱਸਿਆ ਕਿ ਪਾਰਟੀ ਨੇ ਇਸ ਵਾਰ ਚੰਡੀਗੜ੍ਹ ਦੇ ਸਾਰੇ 35 ਵਾਰਡਾਂ ਵਿੱਚ ਜਿੱਤ ਹਾਸਲ ਕਰਨ ਦਾ ਟੀਚਾ ਰੱਖਿਆ ਹੈ।ਉਨ੍ਹਾਂ ਮੁਤਾਬਕ, ਚੋਣ ਮੁਹਿੰਮ ਦੌਰਾਨ ਨਗਰ ਨਿਗਮ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਅਤੇ ਭਾਜਪਾ ਦੀਆਂ ਪ੍ਰਾਪਤੀਆਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਘਰ-ਘਰ ਜਾ ਕੇ ਜਨਸੰਪਰਕ ਮੁਹਿੰਮ ਚਲਾਉਣ ਦੀ ਵੀ ਯੋਜਨਾ ਹੈ।
23 ਦਸੰਬਰ ਨੂੰ ਹੋਣਗੀਆਂ ਨਗਰ ਨਿਗਮ ਚੋਣਾਂ
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ 23 ਦਸੰਬਰ 2026 ਨੂੰ ਹੋਣੀਆਂ ਹਨ। ਇਨ੍ਹਾਂ ਚੋਣਾਂ ਨੂੰ ਲੈ ਕੇ ਭਾਜਪਾ ਨੇ ਹੁਣ ਤੋਂ ਹੀ ਆਪਣੀ ਰਣਨੀਤੀ ਤਿਆਰ ਕਰਨੀ ਸ਼ੁਰੂ ਕਰ ਦਿੱਤੀ ਹੈ। ਨਿਤਿਨ ਨਬੀਨ ਦੀ ਚੰਡੀਗੜ੍ਹ ਫੇਰੀ ਅਤੇ 575 ਬੂਥਾਂ ਦੇ ਵਰਕਰਾਂ ਦੀ ਸ਼ਮੂਲੀਅਤ ਨੂੰ ਪਾਰਟੀ ਦੀ ਚੋਣ ਤਿਆਰੀ ਦੇ ਅਹਿਮ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ।ਹੁਣ ਦੇਖਣਾ ਹੋਵੇਗਾ ਕਿ ਭਾਜਪਾ ਆਪਣੇ ਸਾਰੇ 35 ਵਾਰਡਾਂ ਵਿੱਚ ਜਿੱਤ ਦੇ ਟੀਚੇ ਨੂੰ ਹਾਸਲ ਕਰਨ ਲਈ ਕਿਸ ਤਰ੍ਹਾਂ ਦੀ ਚੋਣ ਰਣਨੀਤੀ ਅਪਣਾਉਂਦੀ ਹੈ।
