ਕਰੀਬ ਇੱਕ ਮਹੀਨੇ ਤੱਕ ਚੱਲੇ ਰੋਮਾਂਚ, ਹੈਰਾਨੀਜਨਕ ਉਲਟਫੇਰ ਅਤੇ ਯਾਦਗਾਰ ਮੁਕਾਬਲਿਆਂ ਤੋਂ ਬਾਅਦ ਫੀਫਾ ਵਿਸ਼ਵ ਕੱਪ 2026 ਆਪਣੇ ਸਭ ਤੋਂ ਵੱਡੇ ਅਤੇ ਆਖਰੀ ਮੁਕਾਬਲੇ ਤੱਕ ਪਹੁੰਚ ਗਿਆ ਹੈ। ਹੁਣ ਸਾਰੀ ਦੁਨੀਆ ਦੀਆਂ ਨਜ਼ਰਾਂ ਖਿਤਾਬੀ ਜੰਗ ‘ਤੇ ਟਿਕੀਆਂ ਹੋਈਆਂ ਹਨ, ਜਿੱਥੇ ਮੌਜੂਦਾ ਚੈਂਪੀਅਨ ਅਰਜਨਟੀਨਾ ਦਾ ਸਾਹਮਣਾ 2010 ਦੀ ਵਿਸ਼ਵ ਚੈਂਪੀਅਨ ਸਪੇਨ ਨਾਲ ਹੋਵੇਗਾ।ਭਾਰਤੀ ਫੁੱਟਬਾਲ ਪ੍ਰੇਮੀਆਂ ਲਈ ਇਹ ਮੈਚ ਦੇਖਣਾ ਕਿਸੇ ਇਮਤਿਹਾਨ ਤੋਂ ਘੱਟ ਨਹੀਂ ਹੋਵੇਗਾ, ਕਿਉਂਕਿ ਇਸ ਮਹਾਂਮੁਕਾਬਲੇ ਦਾ ਲੁਤਫ਼ ਲੈਣ ਲਈ ਉਨ੍ਹਾਂ ਨੂੰ ਐਤਵਾਰ ਦੇਰ ਰਾਤ ਤੱਕ ਜਾਗਣਾ ਪਵੇਗਾ।ਸਪੇਨ ਨੇ ਸੈਮੀਫਾਈਨਲ ‘ਚ ਫਰਾਂਸ ਨੂੰ 2-0 ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ, ਜਦਕਿ ਅਰਜਨਟੀਨਾ ਨੇ ਇੰਗਲੈਂਡ ਨੂੰ 2-1 ਨਾਲ ਹਰਾ ਕੇ ਖਿਤਾਬੀ ਜੰਗ ਲਈ ਆਪਣਾ ਦਾਅਵਾ ਮਜ਼ਬੂਤ ਕੀਤਾ।
ਕਿੱਥੇ ਖੇਡਿਆ ਜਾਵੇਗਾ ਫਾਈਨਲ?
ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਅਮਰੀਕਾ ਦੇ ਨਿਊ ਜਰਸੀ ਦੇ ਈਸਟ ਰਦਰਫੋਰਡ ਸਥਿਤ ਵਿਸ਼ਵ ਪ੍ਰਸਿੱਧ ਮੈਟਲਾਈਫ ਸਟੇਡੀਅਮ (ਨਿਊਯਾਰਕ-ਨਿਊ ਜਰਸੀ ਸਟੇਡੀਅਮ) ‘ਚ ਖੇਡਿਆ ਜਾਵੇਗਾ।ਇਹ ਪਹਿਲੀ ਵਾਰ ਹੋਵੇਗਾ ਜਦੋਂ ਨਿਊਯਾਰਕ ਮਹਾਨਗਰੀ ਖੇਤਰ ‘ਚ ਵਿਸ਼ਵ ਕੱਪ ਦਾ ਫਾਈਨਲ ਕਰਵਾਇਆ ਜਾ ਰਿਹਾ ਹੈ। 80 ਹਜ਼ਾਰ ਤੋਂ ਵੱਧ ਦਰਸ਼ਕਾਂ ਦੀ ਮੌਜੂਦਗੀ ‘ਚ ਇਹ ਮੁਕਾਬਲਾ ਇਤਿਹਾਸਕ ਬਣਨ ਜਾ ਰਿਹਾ ਹੈ।ਇਸ ਫਾਈਨਲ ਦੀ ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਫੀਫਾ ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਹਾਫਟਾਈਮ ਐਂਟਰਟੇਨਮੈਂਟ ਸ਼ੋਅ ਵੀ ਕਰਵਾਇਆ ਜਾਵੇਗਾ। ਇਸ ਕਾਰਨ ਹਾਫਟਾਈਮ ਦਾ ਸਮਾਂ ਵੀ ਆਮ ਨਾਲੋਂ ਵੱਧ ਹੋਵੇਗਾ।
ਦੋਵਾਂ ਟੀਮਾਂ ਲਈ ਦਾਅ ‘ਤੇ ਕੀ ਹੈ?
ਅਰਜਨਟੀਨਾ ਇਸ ਮੁਕਾਬਲੇ ਵਿੱਚ ਆਪਣਾ ਚੌਥਾ ਵਿਸ਼ਵ ਕੱਪ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰੇਗਾ। ਟੀਮ ਇਸ ਤੋਂ ਪਹਿਲਾਂ 1978, 1986 ਅਤੇ 2022 ‘ਚ ਚੈਂਪੀਅਨ ਬਣ ਚੁੱਕੀ ਹੈ ਅਤੇ ਹੁਣ ਆਪਣਾ ਖਿਤਾਬ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗੀ।ਦੂਜੇ ਪਾਸੇ, ਸਪੇਨ 2010 ਤੋਂ ਬਾਅਦ ਦੂਜੀ ਵਾਰ ਵਿਸ਼ਵ ਚੈਂਪੀਅਨ ਬਣਨ ਦੇ ਸੁਪਨੇ ਨਾਲ ਮੈਦਾਨ ‘ਚ ਉਤਰੇਗਾ। ਜੇਕਰ ਸਪੇਨ ਜਿੱਤਦਾ ਹੈ ਤਾਂ ਉਹ ਆਪਣੇ ਇਤਿਹਾਸ ਦਾ ਦੂਜਾ ਵਿਸ਼ਵ ਕੱਪ ਖਿਤਾਬ ਆਪਣੇ ਨਾਮ ਕਰ ਲਵੇਗਾ।
ਭਾਰਤ ‘ਚ ਮੈਚ ਕਿੰਨੇ ਵਜੇ ਸ਼ੁਰੂ ਹੋਵੇਗਾ?
ਭਾਰਤੀ ਸਮੇਂ ਅਨੁਸਾਰ ਅਰਜਨਟੀਨਾ ਅਤੇ ਸਪੇਨ ਵਿਚਾਲੇ ਫੀਫਾ ਵਿਸ਼ਵ ਕੱਪ 2026 ਦਾ ਫਾਈਨਲ ਸੋਮਵਾਰ, 20 ਜੁਲਾਈ ਨੂੰ ਰਾਤ 12:30 ਵਜੇ ਸ਼ੁਰੂ ਹੋਵੇਗਾ।ਇਸ ਲਈ ਜੇਕਰ ਤੁਸੀਂ ਇਸ ਇਤਿਹਾਸਕ ਮੁਕਾਬਲੇ ਨੂੰ ਲਾਈਵ ਦੇਖਣਾ ਚਾਹੁੰਦੇ ਹੋ ਤਾਂ ਐਤਵਾਰ ਦੀ ਰਾਤ ਦੇਰ ਤੱਕ ਜਾਗਣ ਲਈ ਤਿਆਰ ਰਹੋ, ਕਿਉਂਕਿ ਕੁਝ ਹੀ ਘੰਟਿਆਂ ‘ਚ ਦੁਨੀਆ ਨੂੰ ਨਵਾਂ ਫੁੱਟਬਾਲ ਚੈਂਪੀਅਨ ਮਿਲਣ ਵਾਲਾ ਹੈ।