ਅਮਰੀਕਾ ਅਤੇ ਈਰਾਨ ਵਿਚਾਲੇ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਅਮਰੀਕਾ ਨੇ ਲਗਾਤਾਰ ਅੱਠਵੀਂ ਰਾਤ ਈਰਾਨ ਦੇ ਕਈ ਟਿਕਾਣਿਆਂ ‘ਤੇ ਹਵਾਈ ਹਮਲੇ ਕੀਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇਹ ਕਾਰਵਾਈ ਉਨ੍ਹਾਂ ਦੇ ਹੁਕਮਾਂ ‘ਤੇ ਕੀਤੀ ਗਈ ਅਤੇ ਇਸ ਦਾ ਮਕਸਦ ਜਾਰਡਨ ‘ਚ ਦੋ ਅਮਰੀਕੀ ਸੈਨਿਕਾਂ ਦੀ ਮੌਤ ਦਾ ਜਵਾਬ ਦੇਣਾ ਸੀ।
ਅਮਰੀਕੀ ਫੌਜ ਦੀ ਕੇਂਦਰੀ ਕਮਾਂਡ (CENTCOM) ਮੁਤਾਬਕ, ਹਵਾਈ ਹਮਲਿਆਂ ਦਾ ਮੁੱਖ ਨਿਸ਼ਾਨਾ ਈਰਾਨ ਦੇ ਫੌਜੀ ਅੱਡੇ, ਹਥਿਆਰਾਂ ਦੇ ਡਿਪੂ ਅਤੇ ਲੌਜਿਸਟਿਕਸ ਕੇਂਦਰ ਸਨ। ਸੈਂਟਕਾਮ ਦਾ ਦਾਅਵਾ ਹੈ ਕਿ ਇਸ ਕਾਰਵਾਈ ਦਾ ਮਕਸਦ ਹੋਰਮੁਜ਼ ਜਲਡਮਰੂ ਵਿੱਚ ਈਰਾਨ ਦੀ ਫੌਜੀ ਸਮਰੱਥਾ ਨੂੰ ਵੱਡਾ ਝਟਕਾ ਦੇਣਾ ਅਤੇ ਅੰਤਰਰਾਸ਼ਟਰੀ ਸਮੁੰਦਰੀ ਆਵਾਜਾਈ ਲਈ ਪੈਦਾ ਹੋ ਰਹੇ ਖ਼ਤਰੇ ਨੂੰ ਘਟਾਉਣਾ ਸੀ।
ਕੁਝ ਅੰਤਰਰਾਸ਼ਟਰੀ ਮੀਡੀਆ ਰਿਪੋਰਟਾਂ ‘ਚ ਇਹ ਦਾਅਵਾ ਕੀਤਾ ਗਿਆ ਕਿ ਹਮਲਿਆਂ ਦੌਰਾਨ ਕੁਝ ਪੁਲਾਂ ਅਤੇ ਇੱਕ ਡੀਸੈਲੀਨੇਸ਼ਨ ਪਲਾਂਟ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਹਾਲਾਂਕਿ ਸੈਂਟਕਾਮ ਨੇ ਇਨ੍ਹਾਂ ਦਾਵਿਆਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਇਸੇ ਦੌਰਾਨ, ਜਾਰਡਨ ‘ਚ ਦੋ ਹੋਰ ਅਮਰੀਕੀ ਸੈਨਿਕਾਂ ਦੀ ਮੌਤ ਤੋਂ ਬਾਅਦ ਇਸ ਟਕਰਾਅ ‘ਚ ਮਾਰੇ ਗਏ ਅਮਰੀਕੀ ਸੈਨਿਕਾਂ ਦੀ ਗਿਣਤੀ ਵੱਧ ਕੇ 16 ਹੋ ਗਈ ਹੈ।
ਵਧਦੇ ਤਣਾਅ ਨੂੰ ਦੇਖਦੇ ਹੋਏ ਅਮਰੀਕੀ ਵਿਦੇਸ਼ ਵਿਭਾਗ ਨੇ ਦੁਨੀਆ ਭਰ ‘ਚ ਰਹਿ ਰਹੇ ਅਤੇ ਯਾਤਰਾ ਕਰ ਰਹੇ ਅਮਰੀਕੀ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਵਿਭਾਗ ਨੇ ਲੋਕਾਂ ਨੂੰ ਵਾਧੂ ਸਾਵਧਾਨੀ ਵਰਤਣ ਅਤੇ ਮੱਧ ਪੂਰਬ ਦੇ ਮੌਜੂਦਾ ਹਾਲਾਤਾਂ ‘ਤੇ ਲਗਾਤਾਰ ਨਜ਼ਰ ਰੱਖਣ ਦੀ ਅਪੀਲ ਕੀਤੀ ਹੈ।ਵਿਦੇਸ਼ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਖੇਤਰ ‘ਚ ਸਥਿਤੀ ਕਿਸੇ ਵੀ ਸਮੇਂ ਹੋਰ ਵਿਗੜ ਸਕਦੀ ਹੈ, ਜਿਸ ਕਾਰਨ ਯਾਤਰਾ ਅਤੇ ਸੁਰੱਖਿਆ ਨਾਲ ਜੁੜੇ ਖ਼ਤਰੇ ਵੱਧ ਸਕਦੇ ਹਨ।
ਅਮਰੀਕਾ ਵੱਲੋਂ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਨਾਲ ਮੱਧ ਪੂਰਬ ‘ਚ ਤਣਾਅ ਹੋਰ ਗਹਿਰਾ ਗਿਆ ਹੈ। ਇਸ ਦਾ ਅਸਰ ਸਿਰਫ਼ ਖੇਤਰ ਤੱਕ ਸੀਮਤ ਨਹੀਂ, ਸਗੋਂ ਵਿਸ਼ਵ ਪੱਧਰ ‘ਤੇ ਵੀ ਮਹਿਸੂਸ ਕੀਤਾ ਜਾ ਰਿਹਾ ਹੈ। ਅਮਰੀਕੀ ਸੈਨਿਕਾਂ ਦੀ ਮੌਤ ਦੀ ਗਿਣਤੀ ਵਧਣ ਦੇ ਨਾਲ-ਨਾਲ ਬਾਲਣ ਦੀਆਂ ਕੀਮਤਾਂ ‘ਚ ਵੀ ਉਛਾਲ ਦਰਜ ਕੀਤਾ ਗਿਆ ਹੈ, ਜਿਸ ਕਾਰਨ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ।