ਪੰਜਾਬ ਅਤੇ ਚੰਡੀਗੜ੍ਹ ਦੇ ਲੋਕਾਂ ਲਈ ਮੌਸਮ ਨੂੰ ਲੈ ਕੇ ਰਾਹਤ ਭਰੀ ਖ਼ਬਰ ਸਾਹਮਣੇ ਆਈ ਹੈ। ਪਿਛਲੇ ਕਈ ਦਿਨਾਂ ਤੋਂ ਪੈ ਰਹੀ ਤਿੱਖੀ ਗਰਮੀ ਅਤੇ ਹੁੰਮਸ ਤੋਂ ਹੁਣ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਮੌਸਮ ਦਾ ਮਿਜ਼ਾਜ ਬਦਲਣ ਦੀ ਸੰਭਾਵਨਾ ਜਤਾਈ ਹੈ।ਚੰਡੀਗੜ੍ਹ ਸਥਿਤ ਮੌਸਮ ਵਿਭਾਗ ਦੇ ਅਨੁਸਾਰ 20 ਤੋਂ 23 ਜੁਲਾਈ ਤੱਕ ਪੰਜਾਬ ਅਤੇ ਚੰਡੀਗੜ੍ਹ ਦੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕਈ ਥਾਵਾਂ ‘ਤੇ ਤੇਜ਼ ਬਾਰਿਸ਼ ਅਤੇ ਬੱਦਲ ਛਾਏ ਰਹਿਣ ਕਾਰਨ ਤਾਪਮਾਨ ਵਿੱਚ ਵੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ਵਿੱਚ ਕੋਈ ਮੀਂਹ ਨਹੀਂ ਪਿਆ। ਨਤੀਜੇ ਵਜੋਂ, ਹੁੰਮਸ ਭਰਿਆ ਮੌਸਮ ਬਣਿਆ ਰਿਹਾ। ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 37.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.4 ਡਿਗਰੀ ਵੱਧ ਹੈ। ਘੱਟੋ-ਘੱਟ ਤਾਪਮਾਨ 27.3 ਡਿਗਰੀ ਸੈਲਸੀਅਸ ਸੀ। ਵੱਧ ਤੋਂ ਵੱਧ ਨਮੀ 78 ਫੀਸਦੀ ਤੱਕ ਪਹੁੰਚ ਗਈ, ਜਿਸ ਕਾਰਨ ਲੋਕਾਂ ਨੂੰ ਗਰਮੀ ਅਤੇ ਜ਼ਿਆਦਾ ਨਮੀ ਦੋਵਾਂ ਦਾ ਸਾਹਮਣਾ ਕਰਨਾ ਪਿਆ।
ਪਿਛਲੇ 24 ਘੰਟਿਆਂ ਦੌਰਾਨ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਕੁਝ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਪਿਆ। ਹਾਲਾਂਕਿ ਇਸ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿੱਚ ਗਰਮੀ ਦਾ ਅਸਰ ਜਾਰੀ ਰਿਹਾ।ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਹਵਾਈ ਅੱਡੇ ‘ਤੇ 41.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਫਰੀਦਕੋਟ ਵਿੱਚ ਵੀ ਤਾਪਮਾਨ 40.5 ਡਿਗਰੀ ਸੈਲਸੀਅਸ ਰਿਹਾ। ਸੂਬੇ ਦਾ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਲਗਭਗ 3 ਡਿਗਰੀ ਵੱਧ ਦਰਜ ਕੀਤਾ ਗਿਆ।
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਵਾਲੀ ਬਾਰਿਸ਼ ਨਾਲ ਪੰਜਾਬ ਅਤੇ ਚੰਡੀਗੜ੍ਹ ਦੇ ਤਾਪਮਾਨ ਵਿੱਚ ਗਿਰਾਵਟ ਆ ਸਕਦੀ ਹੈ। ਖਾਸ ਕਰਕੇ ਮੋਹਾਲੀ ਅਤੇ ਚੰਡੀਗੜ੍ਹ ਵਿੱਚ ਮੌਸਮ ਠੰਡਾ ਹੋਣ ਦੀ ਸੰਭਾਵਨਾ ਹੈ।
ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਭਾਰੀ ਮੀਂਹ ਦੌਰਾਨ ਬੇਲੋੜੀ ਯਾਤਰਾ ਤੋਂ ਬਚਣ ਅਤੇ ਮੌਸਮ ਨਾਲ ਜੁੜੀਆਂ ਅਪਡੇਟਾਂ ‘ਤੇ ਨਜ਼ਰ ਬਣਾਈ ਰੱਖਣ।