ਜਲੰਧਰ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ‘ਤੇ ਸਜੀ ਹਰੇ ਰੰਗ ਦੀ ਪੱਗ ਨੇ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਿਆ। ਇਸ ਖ਼ਾਸ ਦਸਤਾਰ ਨੂੰ ਜਲੰਧਰ ਦੇ ਨੌਜਵਾਨ ਦਸਤਾਰਬੰਦੀ ਮਾਹਿਰ ਸਨਪ੍ਰੀਤ ਸਿੰਘ ਨੇ ਬੰਨ੍ਹਿਆ। ਸਨਪ੍ਰੀਤ ਲਈ ਇਹ ਕੋਈ ਪਹਿਲਾ ਮੌਕਾ ਨਹੀਂ ਸੀ, ਕਿਉਂਕਿ ਉਹ ਇਸ ਤੋਂ ਪਹਿਲਾਂ ਵੀ ਦੋ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਪੱਗ ਬੰਨ੍ਹ ਚੁੱਕੇ ਹਨ। ਇਸ ਵਾਰ ਉਨ੍ਹਾਂ ਨੂੰ ਖ਼ਾਸ ਤੌਰ ‘ਤੇ ਹਰੇ ਰੰਗ ਦੀ ‘ਸੈਮੀ ਪਟਿਆਲਾ ਸ਼ਾਹੀ’ ਪੱਗ ਤਿਆਰ ਕਰਕੇ ਬੰਨ੍ਹਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ।
ਉਨ੍ਹਾਂ ਨੇ ਦੱਸਿਆ ਕਿ ਉਹ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰਨ ਦਾ ਚਾਹਵਾਨ ਸੀ, ਪਰ ਪੱਗ ਬੰਨ੍ਹਣ ਵੇਲੇ ਉਸ ਦਾ ਪੂਰਾ ਧਿਆਨ ਪੱਗ ਬੰਨ੍ਹਣ ‘ਤੇ ਕੇਂਦਰਿਤ ਸੀ, ਇਸ ਲਈ ਉਹ ਉਨ੍ਹਾਂ ਨਾਲ ਬਹੁਤੀ ਗੱਲਬਾਤ ਨਹੀਂ ਕਰ ਸਕਿਆ। ਸਨਪ੍ਰੀਤ ਨੇ ਦੱਸਿਆ ਕਿ ਪੱਗ ਬੰਨ੍ਹਣ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਕਿਹਾ ਕਿ ਇਸ ਵਾਰ ਪੱਗ ਪਿਛਲੀ ਵਾਰ ਨਾਲੋਂ ਵੀ ਵਧੀਆ ਢੰਗ ਨਾਲ ਬੰਨ੍ਹੀ ਜਾਣੀ ਚਾਹੀਦੀ ਹੈ। ਸਨਪ੍ਰੀਤ ਨੇ ਪ੍ਰਧਾਨ ਮੰਤਰੀ ਦੀ ਪੱਗ ਬੰਨ੍ਹਣ ਦੇ ਤਜਰਬੇ ਨੂੰ ਮਾਣਮੱਤਾ ਅਤੇ ਯਾਦਗਾਰੀ ਦੱਸਿਆ।
ਸਨਪ੍ਰੀਤ ਨੇ ਦੱਸਿਆ ਕਿ ਇਸ ਵਾਰ ਉਨ੍ਹਾਂ ਨੂੰ ਖਾਸ ਤੌਰ ‘ਤੇ ਹਰੇ ਰੰਗ ਦੀ ਪੱਗ ਤਿਆਰ ਕਰਕੇ ਲਿਆਉਣ ਲਈ ਕਿਹਾ ਗਿਆ ਸੀ। ਜਦੋਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਗ ਬੰਨ੍ਹ ਰਹੇ ਸਨ, ਉਸ ਵੇਲੇ ਕਮਰੇ ਵਿੱਚ ਸਿਰਫ਼ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕੁਝ ਸੁਰੱਖਿਆ ਕਰਮਚਾਰੀ ਹੀ ਮੌਜੂਦ ਸਨ। ਦੇਸ਼ ਦੇ ਪ੍ਰਧਾਨ ਮੰਤਰੀ ਦੇ ਇੰਨੇ ਨੇੜੇ ਖੜ੍ਹ ਕੇ ਦਸਤਾਰ ਸਜਾਉਣਾ ਉਨ੍ਹਾਂ ਲਈ ਕਿਸੇ ਸੁਪਨੇ ਦੇ ਸਾਕਾਰ ਹੋਣ ਵਰਗਾ ਪਲ ਸੀ। ਉਹ ਕਹਿੰਦੇ ਹਨ ਕਿ ਉਸ ਸਮੇਂ ਇੱਕ ਪਾਸੇ ਹਲਕੀ ਘਬਰਾਹਟ ਸੀ, ਪਰ ਦੂਜੇ ਪਾਸੇ ਬੇਹੱਦ ਖੁਸ਼ੀ ਅਤੇ ਮਾਣ ਦੀ ਭਾਵਨਾ ਵੀ ਸੀ। ਸਨਪ੍ਰੀਤ ਮੁਤਾਬਕ, ਪ੍ਰਧਾਨ ਮੰਤਰੀ ਦੇ ਇੰਨੇ ਕਰੀਬ ਹੋ ਕੇ ਉਨ੍ਹਾਂ ਦੀ ਦਸਤਾਰ ਸਜਾਉਣਾ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਯਾਦਗਾਰ ਅਤੇ ਮਾਣਮੱਤਾ ਤਜਰਬਾ ਬਣ ਗਿਆ।
ਸਨਪ੍ਰੀਤ ਨੇ ਦੱਸਿਆ ਕਿ ਪੱਗ ਦੀ ਪੂਣੀ ਪਹਿਲਾਂ ਹੀ ਤਿਆਰ ਕਰ ਲਈ ਗਈ ਸੀ, ਜਿਸ ਕਾਰਨ ਉਨ੍ਹਾਂ ਨੇ ਸਿਰਫ਼ ਡੇਢ ਤੋਂ ਦੋ ਮਿੰਟਾਂ ਵਿੱਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਿਰ ‘ਤੇ ਦਸਤਾਰ ਸਜਾ ਦਿੱਤੀ। ਇਹ ਦਸਤਾਰ 6 ਮੀਟਰ ਲੰਬੇ ਕੱਪੜੇ ਨਾਲ ਤਿਆਰ ਕੀਤੀ ਗਈ ਸੀ ਅਤੇ ਪੰਜ ਲੜਾਂ ਵਾਲੇ ਸੈਮੀ ਪਟਿਆਲਾ ਅੰਦਾਜ਼ ਵਿੱਚ ਬੰਨ੍ਹੀ ਗਈ। ਸਨਪ੍ਰੀਤ ਮੁਤਾਬਕ, ਜਿਵੇਂ ਹੀ ਦਸਤਾਰ ਬੰਨ੍ਹ ਕੇ ਤਿਆਰ ਹੋਈ, ਪ੍ਰਧਾਨ ਮੰਤਰੀ ਨੇ ਇਸ ਨੂੰ ਦੇਖ ਕੇ ਮੁਸਕਰਾਹਟ ਨਾਲ ਆਪਣੀ ਪਸੰਦ ਜਤਾਈ ਅਤੇ ਇਸ ਦੀ ਖੂਬ ਸਰਾਹਨਾ ਕੀਤੀ। ਇਹ ਪਲ ਸਨਪ੍ਰੀਤ ਲਈ ਮਿਹਨਤ ਦਾ ਸਭ ਤੋਂ ਵੱਡਾ ਸਨਮਾਨ ਅਤੇ ਜ਼ਿੰਦਗੀ ਦਾ ਇੱਕ ਅਮਿੱਟ ਤਜਰਬਾ ਬਣ ਗਿਆ।