ਜੀਂਦ : ਭਾਰਤੀ ਰੇਲਵੇ ਨੇ ਹਰਿਤ ਅਤੇ ਆਧੁਨਿਕ ਆਵਾਜਾਈ ਵੱਲ ਇੱਕ ਇਤਿਹਾਸਕ ਕਦਮ ਚੁੱਕਦਿਆਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਫਿਊਲ ਸੈੱਲ ਨਾਲ ਚੱਲਣ ਵਾਲੀ ਯਾਤਰੀ ਟ੍ਰੇਨ ਨੂੰ ਸਫਲਤਾਪੂਰਵਕ ਚਲਾਇਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 17 ਜੁਲਾਈ 2026 ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਇਹ ਟ੍ਰੇਨ ਜੀਂਦ -ਸੋਨੀਪਤ ਰੂਟ ‘ਤੇ ਵਪਾਰਕ ਸੇਵਾ ਵਿੱਚ ਉਤਰੀ ਅਤੇ ਪਹਿਲੇ ਪੰਜ ਦਿਨਾਂ ਵਿੱਚ ਹੀ ਲਗਭਗ 900 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ।
ਡੀਜ਼ਲ ਦੀ ਥਾਂ ਹਾਈਡ੍ਰੋਜਨ ਤਕਨੀਕ
ਇਹ ਟ੍ਰੇਨ ਰਵਾਇਤੀ ਡੀਜ਼ਲ ਇੰਜਣਾਂ ਦੀ ਥਾਂ ਦੋ 1,200 ਕਿਲੋਵਾਟ ਹਾਈਡ੍ਰੋਜਨ-ਇਲੈਕਟ੍ਰਿਕ ਪ੍ਰੋਪਲਸ਼ਨ ਸਿਸਟਮ ਨਾਲ ਲੈਸ ਹੈ। ਫਿਊਲ ਸੈੱਲ ਵਿੱਚ ਹਾਈਡ੍ਰੋਜਨ ਅਤੇ ਆਕਸੀਜਨ ਦੇ ਮਿਲਾਪ ਨਾਲ ਬਿਜਲੀ ਪੈਦਾ ਹੁੰਦੀ ਹੈ, ਜਿਸ ਨਾਲ ਟ੍ਰੇਨ ਚੱਲਦੀ ਹੈ। ਇਸ ਪ੍ਰਕਿਰਿਆ ਦੌਰਾਨ ਸਿਰਫ਼ ਪਾਣੀ ਦੀ ਭਾਫ਼ ਅਤੇ ਗਰਮੀ ਹੀ ਨਿਕਲਦੀ ਹੈ, ਜਿਸ ਕਾਰਨ ਇਹ ਟ੍ਰੇਨ ਜ਼ੀਰੋ-ਐਮੀਸ਼ਨ ਆਵਾਜਾਈ ਦਾ ਸ਼ਾਨਦਾਰ ਉਦਾਹਰਨ ਬਣ ਗਈ ਹੈ।
ਕਿਰਾਇਆ ਆਮ ਟ੍ਰੇਨ ਦੇ ਬਰਾਬਰ
ਹਾਈਡ੍ਰੋਜਨ ਵਰਗੀ ਅਤਿ-ਆਧੁਨਿਕ ਤਕਨੀਕ ਹੋਣ ਦੇ ਬਾਵਜੂਦ ਯਾਤਰੀਆਂ ਨੂੰ ਕੋਈ ਵਾਧੂ ਖ਼ਰਚ ਨਹੀਂ ਕਰਨਾ ਪਵੇਗਾ। ਇਸ ਟ੍ਰੇਨ ਦਾ ਕਿਰਾਇਆ ₹10 ਤੋਂ ₹25 ਤੱਕ ਰੱਖਿਆ ਗਿਆ ਹੈ, ਜੋ ਆਮ ਡੀਜ਼ਲ ਮਲਟੀਪਲ ਯੂਨਿਟ (DMU) ਟ੍ਰੇਨਾਂ ਦੇ ਕਿਰਾਏ ਦੇ ਬਰਾਬਰ ਹੈ। ਇਸ ਨਾਲ ਆਮ ਲੋਕ ਵੀ ਘੱਟ ਖ਼ਰਚ ਵਿੱਚ ਸਾਫ਼ ਅਤੇ ਵਾਤਾਵਰਣ-ਅਨੁਕੂਲ ਯਾਤਰਾ ਕਰ ਸਕਣਗੇ।
10 ਕੋਚਾਂ ਵਾਲੀ ਟ੍ਰੇਨ, ਗ੍ਰੀਨ ਹਾਈਡ੍ਰੋਜਨ ਮਿਸ਼ਨ ਨੂੰ ਮਿਲੇਗੀ ਰਫ਼ਤਾਰ
10 ਕੋਚਾਂ ਵਾਲੀ ਇਹ ਟ੍ਰੇਨ ਡੀਜ਼ਲ ‘ਤੇ ਨਿਰਭਰਤਾ ਘਟਾਉਣ, ਪ੍ਰਦੂਸ਼ਣ ਵਿੱਚ ਕਮੀ ਲਿਆਉਣ ਅਤੇ ਈਂਧਨ ਆਯਾਤ ‘ਤੇ ਖ਼ਰਚ ਘਟਾਉਣ ਵਿੱਚ ਅਹਿਮ ਭੂਮਿਕਾ ਨਿਭਾਏਗੀ। ਜੀਂਦ ਵਿੱਚ ਬਣੀ ਹਾਈਡ੍ਰੋਜਨ ਸਟੋਰੇਜ ਅਤੇ ਰੀਫਿਊਲਿੰਗ ਸਹੂਲਤ ਇਸ ਦੇ ਨਿਰੰਤਰ ਸੰਚਾਲਨ ਨੂੰ ਯਕੀਨੀ ਬਣਾਏਗੀ।