NEET-UG ਪੇਪਰ ਲੀਕ ਮਾਮਲੇ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਚੱਲ ਰਹੇ ਵਿਦਿਆਰਥੀ ਅੰਦੋਲਨ ਦਰਮਿਆਨ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਵਿਦਿਆਰਥੀਆਂ ਦੇ ਹੱਕ ਵਿੱਚ ਆਪਣੀ ਆਵਾਜ਼ ਉਠਾਈ। ਉਨ੍ਹਾਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਇਸ ਮਾਮਲੇ ਨੂੰ ਬਹੁਤ ਗੰਭੀਰ ਦੱਸਿਆ ਅਤੇ ਪ੍ਰਭਾਵਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਜਤਾਈ। ਹਾਲਾਂਕਿ, ਉਨ੍ਹਾਂ ਦੀ ਇਸ ਪੋਸਟ ਤੋਂ ਕੁਝ ਹੀ ਘੰਟਿਆਂ ਬਾਅਦ ਇੱਕ ਪੁਰਾਣਾ ਵੀਡੀਓ ਵਾਇਰਲ ਹੋ ਗਿਆ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਨਵੀਂ ਚਰਚਾ ਛਿੜ ਗਈ।
ਵਿਦਿਆਰਥੀਆਂ ਦੇ ਸਮਰਥਨ ‘ਚ ਕੀ ਕਿਹਾ ਸਲਮਾਨ ਨੇ?
ਸਲਮਾਨ ਖਾਨ ਨੇ ਆਪਣੇ ਸਕੂਲ ਦੇ ਦਿਨਾਂ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ ਵਿਦਿਆਰਥੀਆਂ ਦਾ ਸ਼ੁਰੂਆਤੀ ਵਿਰੋਧ ਸ਼ਾਂਤਮਈ ਸੀ, ਪਰ ਬਾਅਦ ਵਿੱਚ ਹਿੰਸਾ ਵੱਲ ਵਧਣਾ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨ ਭਾਰਤ ਦਾ ਭਵਿੱਖ ਹਨ ਅਤੇ ਉਨ੍ਹਾਂ ਦੀ ਮਿਹਨਤ ਦਾ ਸਨਮਾਨ ਹੋਣਾ ਚਾਹੀਦਾ ਹੈ। ਸਲਮਾਨ ਨੇ ਇਹ ਵੀ ਅਪੀਲ ਕੀਤੀ ਕਿ ਇਸ ਮੁੱਦੇ ਨੂੰ ਰਾਜਨੀਤਿਕ ਰੰਗ ਦੇਣ ਦੀ ਬਜਾਏ ਨਿਰਪੱਖ ਜਾਂਚ ਅਤੇ ਗੱਲਬਾਤ ਰਾਹੀਂ ਹੱਲ ਕੀਤਾ ਜਾਵੇ।
ਪੁਰਾਣਾ ਵੀਡੀਓ ਕਿਉਂ ਹੋਇਆ ਵਾਇਰਲ?
ਸਲਮਾਨ ਦੀ ਪੋਸਟ ਤੋਂ ਕੁਝ ਸਮੇਂ ਬਾਅਦ ‘ਦ ਕਪਿਲ ਸ਼ਰਮਾ ਸ਼ੋਅ’ ਦਾ ਇੱਕ ਪੁਰਾਣਾ ਵੀਡੀਓ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਵੀਡੀਓ ਵਿੱਚ ਸਲਮਾਨ ਆਪਣੇ ਪਿਤਾ ਸਲੀਮ ਖਾਨ ਅਤੇ ਭਰਾਵਾਂ ਅਰਬਾਜ਼ ਖਾਨ ਅਤੇ ਸੋਹੇਲ ਖਾਨ ਨਾਲ ਨਜ਼ਰ ਆ ਰਹੇ ਹਨ।ਸ਼ੋਅ ‘ਚ ਗੱਲਬਾਤ ਦੌਰਾਨ ਸਲੀਮ ਖਾਨ ਇੱਕ ਪੁਰਾਣਾ ਕਿੱਸਾ ਸੁਣਾਉਂਦੇ ਹਨ ਕਿ ਉਨ੍ਹਾਂ ਦੇ ਘਰ ਇੱਕ ਵਿਅਕਤੀ ਆਉਂਦਾ ਸੀ, ਜਿਸ ਨੂੰ ਪਰਿਵਾਰ ਵਿੱਚ ਬਹੁਤ ਸਤਿਕਾਰ ਮਿਲਦਾ ਸੀ ਕਿਉਂਕਿ ਉਹ ਕਥਿਤ ਤੌਰ ‘ਤੇ ਪ੍ਰੀਖਿਆਵਾਂ ਦੇ ਲੀਕ ਹੋਏ ਪੇਪਰ ਲਿਆਉਂਦਾ ਸੀ। ਇਸ ਦੌਰਾਨ ਸਲਮਾਨ ਖਾਨ ਹੱਸਦੇ ਹੋਏ ਕਹਿੰਦੇ ਨਜ਼ਰ ਆਉਂਦੇ ਹਨ ਕਿ ਉਨ੍ਹਾਂ ਨੇ ਵੀ ਅਜਿਹੇ ਲੀਕ ਹੋਏ ਪੇਪਰਾਂ ਦੀ ਮਦਦ ਨਾਲ ਕੁਝ ਪ੍ਰੀਖਿਆਵਾਂ ਪਾਸ ਕੀਤੀਆਂ ਸਨ। ਇਹ ਪੂਰੀ ਗੱਲਬਾਤ ਇੱਕ ਹਾਸੇ-ਮਜ਼ਾਕ ਵਾਲੇ ਮਾਹੌਲ ਵਿੱਚ ਹੋਈ ਸੀ।
ਸੋਸ਼ਲ ਮੀਡੀਆ ‘ਤੇ ਦੋ ਧੜਿਆਂ ‘ਚ ਵੰਡੇ ਲੋਕ
ਵੀਡੀਓ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਮਿਲੀ-ਜੁਲੀ ਪ੍ਰਤੀਕਿਰਿਆਵਾਂ ਸਾਹਮਣੇ ਆਈਆਂ। ਕੁਝ ਯੂਜ਼ਰਾਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਪੁਰਾਣਾ ਮਨੋਰੰਜਕ ਸ਼ੋਅ ਸੀ ਅਤੇ ਇਸ ਨੂੰ ਮੌਜੂਦਾ NEET-UG ਵਿਵਾਦ ਨਾਲ ਜੋੜਨਾ ਠੀਕ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਹਾਸੇ-ਮਜ਼ਾਕ ਵਿੱਚ ਕਹੀ ਗਈ ਗੱਲ ਨੂੰ ਗੰਭੀਰ ਮਾਮਲੇ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।
ਦੂਜੇ ਪਾਸੇ ਕੁਝ ਲੋਕਾਂ ਨੇ ਸਲਮਾਨ ਖਾਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਪੇਪਰ ਲੀਕ ਜਾਂ ਨਕਲ ਕਿਸੇ ਵੀ ਪੱਧਰ ‘ਤੇ ਗਲਤ ਹੈ ਅਤੇ ਇਸ ਤਰ੍ਹਾਂ ਦੇ ਮੁੱਦੇ ‘ਤੇ ਬਿਆਨ ਦਿੰਦੇ ਸਮੇਂ ਪੁਰਾਣੇ ਬਿਆਨਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਕਈ ਯੂਜ਼ਰਾਂ ਨੇ ਇਹ ਵੀ ਸਵਾਲ ਉਠਾਇਆ ਕਿ ਹਰ ਵੱਡੇ ਵਿਵਾਦ ਦੌਰਾਨ ਪੁਰਾਣੇ ਵੀਡੀਓ ਅਚਾਨਕ ਵਾਇਰਲ ਕਿਉਂ ਹੋਣ ਲੱਗਦੇ ਹਨ।
ਦੇਸ਼ ਭਰ ‘ਚ ਜਾਰੀ ਹੈ ਵਿਦਿਆਰਥੀਆਂ ਦਾ ਵਿਰੋਧ
NEET-UG ਪੇਪਰ ਲੀਕ ਮਾਮਲੇ ਨੂੰ ਲੈ ਕੇ ਦੇਸ਼ ਦੇ ਕਈ ਰਾਜਾਂ ਵਿੱਚ ਵਿਦਿਆਰਥੀਆਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਵਿਦਿਆਰਥੀ ਪ੍ਰੀਖਿਆ ਪ੍ਰਕਿਰਿਆ ਵਿੱਚ ਪਾਰਦਰਸ਼ਤਾ, ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਮੰਗ ਕਰ ਰਹੇ ਹਨ। ਕਈ ਥਾਵਾਂ ‘ਤੇ ਕੇਂਦਰੀ ਸਿੱਖਿਆ ਮੰਤਰੀ ਦੇ ਅਸਤੀਫ਼ੇ ਦੀ ਮੰਗ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਸੋਸ਼ਲ ਮੀਡੀਆ ਅਤੇ ਸਿਆਸੀ ਮੰਚਾਂ ‘ਤੇ ਚਰਚਾ ਲਗਾਤਾਰ ਜਾਰੀ ਹੈ।