ਨਵੀਂ ਦਿੱਲੀ: NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਸੰਸਦ ਵਿੱਚ ਜਾਰੀ ਤਣਾਅ ਦੇ ਦਰਮਿਆਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀਰਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਉਸ ਵੇਲੇ ਹੋਈ ਜਦੋਂ ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦਿਨ ਭਰ ਲਈ ਮੁਲਤਵੀ ਕਰ ਦਿੱਤੀ ਗਈ।
ਵਿਰੋਧੀ ਧਿਰ ਨੇ ਵੀ ਕੀਤੀ ਸੀ ਮੁਲਾਕਾਤ
ਇਸ ਤੋਂ ਪਹਿਲਾਂ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ, ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਅਤੇ ਹੋਰ ਵਿਰੋਧੀ ਧਿਰ ਦੇ ਆਗੂਆਂ ਨੇ ਵੀ ਲੋਕ ਸਭਾ ਸਪੀਕਰ ਨਾਲ ਮੁਲਾਕਾਤ ਕੀਤੀ। ਇਸ ਬੈਠਕ ਵਿੱਚ ਤ੍ਰਿਣਮੂਲ ਕਾਂਗਰਸ ਦੇ ਆਗੂ ਸੌਗਤ ਰਾਏ ਅਤੇ ਮਹੂਆ ਮੋਇਤਰਾ ਵੀ ਮੌਜੂਦ ਸਨ।
NEET ਮੁੱਦੇ ‘ਤੇ ਚਰਚਾ ਨੂੰ ਲੈ ਕੇ ਸਰਕਾਰ-ਵਿਰੋਧੀ ਧਿਰ ਆਹਮੋ-ਸਾਹਮਣੇ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਨੂੰ ਕਿਹਾ ਕਿ ਉਹ NEET ਮਾਮਲੇ ‘ਤੇ ਚਰਚਾ ਦੀ ਤਾਰੀਖ ਅਤੇ ਸਮਾਂ ਤੈਅ ਕਰਨ ਲਈ ਉਨ੍ਹਾਂ ਨਾਲ ਮਿਲਣ। ਦੂਜੇ ਪਾਸੇ ਸਰਕਾਰ ਦਾ ਦੋਸ਼ ਹੈ ਕਿ ਵਿਰੋਧੀ ਧਿਰ ਸਿੱਖਿਆ ਮੰਤਰੀ ਦੇ ਅਸਤੀਫ਼ੇ ਨੂੰ ਪਹਿਲੀ ਸ਼ਰਤ ਬਣਾਕੇ ਸੰਸਦ ਵਿੱਚ ਚਰਚਾ ਤੋਂ ਬਚ ਰਹੀ ਹੈ।NEET ਪੇਪਰ ਲੀਕ ਮਾਮਲੇ ਨੂੰ ਲੈ ਕੇ ਸੰਸਦ ਦੇ ਦੋਵੇਂ ਸਦਨਾਂ ਵਿੱਚ ਸਿਆਸੀ ਟਕਰਾਅ ਜਾਰੀ ਹੈ ਅਤੇ ਇਸ ਮੁੱਦੇ ‘ਤੇ ਹੰਗਾਮਾ ਲਗਾਤਾਰ ਵੱਧਦਾ ਜਾ ਰਿਹਾ ਹੈ।