ਨਵੀਂ ਦਿੱਲੀ : ਕਾਕਰੋਚ ਜਨਤਾ ਪਾਰਟੀ (CJP) ਨੇ ਆਪਣਾ ਲੰਬੇ ਸਮੇਂ ਤੋਂ ਚੱਲ ਰਿਹਾ ਧਰਨਾ-ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਸੰਗਠਨ ਨੇ ਜੰਤਰ-ਮੰਤਰ ‘ਤੇ ਬੈਠੇ ਪ੍ਰਦਰਸ਼ਨਕਾਰੀਆਂ ਨੂੰ ਘਰ ਵਾਪਸ ਜਾਣ ਦੀ ਅਪੀਲ ਕੀਤੀ ਹੈ। ਇਹ ਐਲਾਨ ਕੇਂਦਰੀ ਮੰਤਰੀ ਜੇਪੀ ਨੱਡਾ ਅਤੇ ਡਾ. ਜਿਤੇਂਦਰ ਸਿੰਘ ਨਾਲ ਹੋਈ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ, ਜਿਸ ਵਿੱਚ CJP ਦੇ ਪ੍ਰਵਕਤਾ ਸੌਰਵ ਦਾਸ ਅਤੇ ਆਸ਼ੁਤੋਸ਼ ਰਾਂਕਾ ਵੀ ਮੌਜੂਦ ਸਨ।
ਸਰਕਾਰ ਨੇ ਮੰਨੀਆਂ ਤਿੰਨੋਂ ਮੁੱਖ ਮੰਗਾਂ
ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਗਿਆ ਕਿ CJP ਦੀਆਂ ਸਾਰੀਆਂ ਮੁੱਖ ਮੰਗਾਂ ਸਰਕਾਰ ਨੇ ਸਵੀਕਾਰ ਕਰ ਲਈਆਂ ਹਨ। ਦਿੱਲੀ ਅਤੇ ਹੋਰ ਰਾਜਾਂ ਵਿੱਚ ਅੰਦੋਲਨ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਵਿਦਿਆਰਥੀਆਂ ਜਾਂ ਪ੍ਰਦਰਸ਼ਨਕਾਰੀਆਂ ਖ਼ਿਲਾਫ਼ FIR ਦਰਜ ਹੋਈ ਹੈ, ਉਹ ਵੀ ਵਾਪਸ ਲਈ ਜਾਵੇਗੀ। CJP ਦੇ ਪ੍ਰਵਕਤਾ ਸੌਰਵ ਦਾਸ ਨੇ ਕਿਹਾ ਕਿ ਪਾਰਟੀ ਚੰਗੀ ਨੀਅਤ ਨਾਲ ਆਪਣਾ ਅੰਦੋਲਨ ਵਾਪਸ ਲੈ ਰਹੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਸਰਕਾਰ ਤੈਅ ਸਮਾਂ-ਸੀਮਾ ਅੰਦਰ ਸਾਰੀਆਂ ਸ਼ਰਤਾਂ ਪੂਰੀਆਂ ਕਰੇਗੀ।
ਸਰਕਾਰ ਨੇ ਕਿਹੜੀਆਂ ਮੰਗਾਂ ਮੰਨੀਆਂ?
- ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦਾ ਅਸਤੀਫ਼ਾ।
- NEET ਪੇਪਰ ਲੀਕ ਕਾਰਨ ਖੁਦਕੁਸ਼ੀ ਕਰਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਮੁਆਵਜ਼ਾ।
- ਪ੍ਰਦਰਸ਼ਨਕਾਰੀਆਂ ਖ਼ਿਲਾਫ਼ ਦਰਜ ਸਾਰੇ ਕੇਸ ਅਤੇ FIR ਰੱਦ ਕਰਨ ਦਾ ਫੈਸਲਾ, ਨਾਲ ਹੀ ਭਵਿੱਖ ਵਿੱਚ ਵੀ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ।
ਚਾਰ ਹਫ਼ਤਿਆਂ ਬਾਅਦ ਮੁੜ ਹੋਵੇਗੀ ਬੈਠਕ
ਦੋਵੇਂ ਧਿਰਾਂ ਨੇ ਇਹ ਵੀ ਤੈਅ ਕੀਤਾ ਕਿ ਚਾਰ ਹਫ਼ਤਿਆਂ ਬਾਅਦ ਮੁੜ ਮੀਟਿੰਗ ਕੀਤੀ ਜਾਵੇਗੀ। ਉਸ ਬੈਠਕ ਵਿੱਚ ਦੇਸ਼ ਦੀ ਸਿੱਖਿਆ ਪ੍ਰਣਾਲੀ, NEET ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਹੋਰ ਪਾਰਦਰਸ਼ੀ ਅਤੇ ਬਿਹਤਰ ਬਣਾਉਣ ਲਈ ਅਗਲੇ ਕਦਮਾਂ ‘ਤੇ ਚਰਚਾ ਹੋਵੇਗੀ।