ਚੰਡੀਗੜ੍ਹ: ਪੰਜਾਬ ਵਿੱਚ ਵੋਟਰ ਸੂਚੀ ਦੀ ਵਿਸ਼ੇਸ਼ ਗਹਿਨ ਸੁਧਾਈ (Special Intensive Revision-SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਦੌਰਾਨ ਸਾਹਮਣੇ ਆਏ ਅੰਕੜਿਆਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਚੋਣ ਕਮਿਸ਼ਨ ਅਨੁਸਾਰ ਸੂਬੇ ਵਿੱਚ ਕਰੀਬ 20 ਲੱਖ ਵੋਟਰਾਂ ਦੀ ਸਥਿਤੀ ਸਬੰਧੀ ਵੱਖ-ਵੱਖ ਤੱਥ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਲਾਪਤਾ, ਮ੍ਰਿਤਕ, ਡਬਲ ਐਂਟਰੀ ਅਤੇ ਅਨਮੈਪਡ ਵੋਟਰ ਸ਼ਾਮਲ ਹਨ। ਹੁਣ 13 ਅਗਸਤ ਨੂੰ ਵੋਟਰ ਸੂਚੀ ਦਾ ਪ੍ਰਾਰੰਭਿਕ ਡਰਾਫਟ ਜਾਰੀ ਕੀਤਾ ਜਾਵੇਗਾ।
ਬੂਥ ਲੈਵਲ ਅਫ਼ਸਰਾਂ (BLO) ਵੱਲੋਂ ਸੂਬੇ ਭਰ ਵਿੱਚ 2.61 ਕਰੋੜ ਐਨਿਊਮਰੇਸ਼ਨ ਫਾਰਮ ਵੰਡੇ ਗਏ ਸਨ। ਇਨ੍ਹਾਂ ਵਿੱਚੋਂ ਕਰੀਬ 2.41 ਕਰੋੜ ਫਾਰਮ ਵਾਪਸ ਜਮ੍ਹਾਂ ਹੋ ਚੁੱਕੇ ਹਨ। ਹੁਣ ਇਨ੍ਹਾਂ ਦੀ ਜਾਂਚ ਤੋਂ ਬਾਅਦ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ।
ਜਾਣੋ ਕਿੰਨੇ ਵੋਟਰਾਂ ਬਾਰੇ ਕੀ ਜਾਣਕਾਰੀ ਸਾਹਮਣੇ ਆਈ
ਚੋਣ ਕਮਿਸ਼ਨ ਦੇ ਅੰਕੜਿਆਂ ਅਨੁਸਾਰ 4 ਲੱਖ 12 ਹਜ਼ਾਰ 715 ਵੋਟਰ ਆਪਣੇ ਪਤੇ ‘ਤੇ ਨਹੀਂ ਮਿਲੇ। ਇਸ ਤੋਂ ਇਲਾਵਾ 5 ਲੱਖ 74 ਹਜ਼ਾਰ ਦੇ ਕਰੀਬ ਵੋਟਰਾਂ ਦੀ ਮੌਤ ਹੋ ਚੁੱਕੀ ਹੈ। ਜਾਂਚ ਦੌਰਾਨ 1 ਲੱਖ 19 ਹਜ਼ਾਰ 145 ਅਜਿਹੇ ਵੋਟਰ ਵੀ ਮਿਲੇ, ਜਿਨ੍ਹਾਂ ਦੇ ਨਾਂ ਦੋ ਵੱਖ-ਵੱਖ ਥਾਵਾਂ ‘ਤੇ ਦਰਜ ਹਨ। ਇਸ ਦੇ ਨਾਲ ਹੀ ਕਰੀਬ 12 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਨੂੰ ਅਜੇ ਤੱਕ ਸਿਸਟਮ ਵਿੱਚ ਮੈਪ ਨਹੀਂ ਕੀਤਾ ਜਾ ਸਕਿਆ।
13 ਅਗਸਤ ਨੂੰ ਜਾਰੀ ਹੋਵੇਗਾ ਡਰਾਫਟ
ਮੁੱਖ ਚੋਣ ਅਧਿਕਾਰੀ (CEO) ਆਨੰਦਿਤਾ ਮਿੱਤਰਾ ਨੇ ਦੱਸਿਆ ਕਿ 13 ਅਗਸਤ ਨੂੰ ਡਰਾਫਟ ਵੋਟਰ ਸੂਚੀ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਲੋਕਾਂ ਨੂੰ ਕਰੀਬ ਇੱਕ ਮਹੀਨੇ ਤੱਕ ਆਪਣੇ ਦਾਅਵੇ ਅਤੇ ਇਤਰਾਜ਼ ਦਰਜ ਕਰਵਾਉਣ ਦਾ ਮੌਕਾ ਮਿਲੇਗਾ।ਇਲੈਕਟੋਰਲ ਰਜਿਸਟ੍ਰੇਸ਼ਨ ਅਫ਼ਸਰ (ERO) ਸਾਰੇ ਦਾਅਵਿਆਂ ਅਤੇ ਇਤਰਾਜ਼ਾਂ ਦੀ ਜਾਂਚ ਕਰਨਗੇ। ਇਸ ਤੋਂ ਬਾਅਦ ਯੋਗ ਵੋਟਰਾਂ ਦੇ ਨਾਂ ਅੰਤਿਮ ਵੋਟਰ ਸੂਚੀ ਵਿੱਚ ਸ਼ਾਮਲ ਕੀਤੇ ਜਾਣਗੇ।
ਸ਼ੱਕ ਹੋਣ ‘ਤੇ ਭੇਜਿਆ ਜਾਵੇਗਾ ਨੋਟਿਸ
ਜੇਕਰ ਕਿਸੇ ਵੋਟਰ ਦੇ ਦਸਤਾਵੇਜ਼ਾਂ ਸਬੰਧੀ ਕੋਈ ਸ਼ੱਕ ਪਾਇਆ ਜਾਂਦਾ ਹੈ ਤਾਂ ਸਬੰਧਤ ਈਆਰਓ ਵੱਲੋਂ ਨੋਟਿਸ ਜਾਰੀ ਕੀਤਾ ਜਾਵੇਗਾ। ਅਜਿਹੇ ਵੋਟਰਾਂ ਨੂੰ ਆਪਣੇ ਅਸਲ ਦਸਤਾਵੇਜ਼ਾਂ ਸਮੇਤ ਪੇਸ਼ ਹੋ ਕੇ ਆਪਣੀ ਜਾਣਕਾਰੀ ਦੀ ਪੁਸ਼ਟੀ ਕਰਵਾਉਣੀ ਹੋਵੇਗੀ।
ਨਵੇਂ ਵੋਟਰ ਵੀ ਕਰ ਸਕਣਗੇ ਰਜਿਸਟ੍ਰੇਸ਼ਨ
ਮੁੱਖ ਚੋਣ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਜੋ ਨਵੇਂ ਨੌਜਵਾਨ ਜਾਂ ਯੋਗ ਨਾਗਰਿਕ ਆਪਣੀ ਵੋਟ ਬਣਵਾਉਣਾ ਚਾਹੁੰਦੇ ਹਨ, ਉਹ ਫਾਰਮ ਨੰਬਰ-6 ਭਰ ਕੇ ਆਪਣੀ ਅਰਜ਼ੀ ਜਮ੍ਹਾਂ ਕਰਵਾ ਸਕਦੇ ਹਨ।ਇਸ ਤੋਂ ਇਲਾਵਾ ਡਰਾਫਟ ਵੋਟਰ ਸੂਚੀ ਸਾਰੀਆਂ ਰਜਿਸਟਰਡ ਸਿਆਸੀ ਪਾਰਟੀਆਂ ਨੂੰ ਵੀ ਉਪਲਬਧ ਕਰਵਾਈ ਜਾਵੇਗੀ, ਤਾਂ ਜੋ ਉਹ ਵੀ ਇਸ ਦੀ ਜਾਂਚ ਕਰ ਸਕਣ।ਲੋਕਾਂ ਦੀ ਸਹੂਲਤ ਲਈ 16 ਅਗਸਤ ਨੂੰ ਸੂਬੇ ਦੇ ਸਾਰੇ ਬੂਥਾਂ ‘ਤੇ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇੱਥੇ ਵੋਟਰ ਆਪਣੀ ਵੋਟ ਨਾਲ ਸਬੰਧਤ ਸੋਧ, ਨਵੀਂ ਰਜਿਸਟ੍ਰੇਸ਼ਨ ਜਾਂ ਹੋਰ ਲੋੜੀਂਦੀ ਕਾਰਵਾਈ ਕਰਵਾ ਸਕਣਗੇ।
ਅਨਮੈਪਡ ਵੋਟਰਾਂ ਲਈ ਵੀ ਰਾਹਤ
ਚੋਣ ਕਮਿਸ਼ਨ ਨੇ ਭਰੋਸਾ ਦਿੱਤਾ ਹੈ ਕਿ ਕਰੀਬ 12 ਲੱਖ ਅਨਮੈਪਡ ਵੋਟਰਾਂ ਦੀ ਵੋਟ ਖਤਮ ਨਹੀਂ ਕੀਤੀ ਜਾਵੇਗੀ। ਅਜਿਹੇ ਵੋਟਰ ਆਪਣੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਕੇ ਆਪਣੀ ਵੋਟ ਨੂੰ ਨਿਯਮਿਤ ਕਰਵਾ ਸਕਦੇ ਹਨ।ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਸ ਪੂਰੇ ਅਭਿਆਨ ਦਾ ਮਕਸਦ ਵੋਟਰ ਸੂਚੀ ਨੂੰ ਹੋਰ ਸਹੀ, ਪਾਰਦਰਸ਼ੀ ਅਤੇ ਭਰੋਸੇਯੋਗ ਬਣਾਉਣਾ ਹੈ, ਤਾਂ ਜੋ ਕੋਈ ਵੀ ਯੋਗ ਵੋਟਰ ਆਪਣੇ ਵੋਟ ਦੇ ਅਧਿਕਾਰ ਤੋਂ ਵਾਂਝਾ ਨਾ ਰਹੇ।