Punjab SIR: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੋਟਰ ਸੂਚੀ ਦੀ Special Intensive Revision (SIR) ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਹੁਣ 13 ਅਗਸਤ 2026 ਨੂੰ ਡਰਾਫਟ ਵੋਟਰ ਲਿਸਟ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਵੋਟਰ ਆਪਣੇ ਨਾਂ ਦੀ ਜਾਂਚ ਕਰ ਸਕਣਗੇ ਅਤੇ ਜੇਕਰ ਕਿਸੇ ਦਾ ਨਾਂ ਸੂਚੀ ਵਿੱਚ ਨਹੀਂ ਹੈ ਤਾਂ ਉਹ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕੇਗਾ।ਜੂਨ 2026 ਦੀ ਵੋਟਰ ਲਿਸਟ ਦੇ ਮੁਕਾਬਲੇ ਕਰੀਬ 20.66 ਲੱਖ ਵੋਟਰਾਂ ਦੇ ਨਾਂ ਵੱਖ-ਵੱਖ ਕਾਰਨਾਂ ਕਰਕੇ ਡਰਾਫਟ ਲਿਸਟ ਵਿੱਚ ਸ਼ਾਮਲ ਨਹੀਂ ਹੋਣਗੇ। ਇਨ੍ਹਾਂ ਵਿੱਚ ਕਰੀਬ 9.5 ਲੱਖ ਵੋਟਰ ਸਥਾਈ ਤੌਰ ’ਤੇ ਪੰਜਾਬ ਤੋਂ ਬਾਹਰ ਜਾ ਚੁੱਕੇ ਹਨ, ਜਦਕਿ ਲਗਭਗ 5.75 ਲੱਖ ਵੋਟਰਾਂ ਦੀ ਮੌਤ ਹੋ ਚੁੱਕੀ ਹੈ।ਇਸ ਤੋਂ ਇਲਾਵਾ ਕਰੀਬ 1.20 ਲੱਖ ਵੋਟਰ ਡੁਪਲੀਕੇਟ ਪਾਏ ਗਏ ਹਨ। ਲਗਭਗ 4.12 ਲੱਖ ਵੋਟਰ ਅਜਿਹੇ ਹਨ, ਜਿਨ੍ਹਾਂ ਦਾ ਪੰਜਾਬ ਵਿੱਚ ਕੋਈ ਠਿਕਾਣਾ ਨਹੀਂ ਲੱਗ ਸਕਿਆ।
ਜੇ ਨਾਂ ਲਿਸਟ ਵਿੱਚ ਨਹੀਂ ਹੈ ਤਾਂ ਕੀ ਕਰੀਏ?
ਜੇਕਰ 13 ਅਗਸਤ ਨੂੰ ਜਾਰੀ ਹੋਣ ਵਾਲੀ ਡਰਾਫਟ ਵੋਟਰ ਲਿਸਟ ਵਿੱਚ ਤੁਹਾਡਾ ਨਾਂ ਨਹੀਂ ਆਉਂਦਾ, ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਤੁਸੀਂ ਆਪਣਾ ਨਾਂ ਫਾਈਨਲ ਵੋਟਰ ਲਿਸਟ ਵਿੱਚ ਸ਼ਾਮਲ ਕਰਵਾਉਣ ਲਈ ERO (Electoral Registration Officer) ਜਾਂ BLO (Booth Level Officer) ਕੋਲ ਦਾਅਵਾ ਜਾਂ ਇਤਰਾਜ਼ ਦਰਜ ਕਰਵਾ ਸਕਦੇ ਹੋ।ਇਸ ਲਈ ਵੋਟਰਾਂ ਨੂੰ ਆਪਣੇ ਵੋਟਰ ਰਿਕਾਰਡ ਅਤੇ ਜ਼ਰੂਰੀ ਦਸਤਾਵੇਜ਼ਾਂ ਦੀ ਜਾਂਚ ਪਹਿਲਾਂ ਹੀ ਕਰ ਲੈਣੀ ਚਾਹੀਦੀ ਹੈ।
ਜੇ ਨਾਂ ਲਿਸਟ ਵਿੱਚ ਹੈ ਪਰ ਪੁਰਾਣੀ SIR ਨਾਲ ਮੈਪ ਨਹੀਂ ਹੋਇਆ?
ਇਹ ਗੱਲ ਵੀ ਕਈ ਵੋਟਰਾਂ ਲਈ ਮਹੱਤਵਪੂਰਨ ਹੈ। ਜੇਕਰ ਡਰਾਫਟ ਵੋਟਰ ਲਿਸਟ ਵਿੱਚ ਤੁਹਾਡਾ ਨਾਂ ਮੌਜੂਦ ਹੈ, ਪਰ ਤੁਹਾਡਾ ਰਿਕਾਰਡ ਪਿਛਲੀ SIR ਦੀ ਸੂਚੀ ਨਾਲ ਮੈਪ ਨਹੀਂ ਹੋਇਆ, ਤਾਂ ਵੀ ਆਪਣੇ ਰਿਕਾਰਡ ਦੀ ਜਾਂਚ ਕਰਨਾ ਜ਼ਰੂਰੀ ਹੈ।ਵੋਟਰ ਆਪਣੇ ਇਲਾਕੇ ਦੇ BLO ਨਾਲ ਸੰਪਰਕ ਕਰਕੇ ਇਸ ਸਬੰਧੀ ਜਾਣਕਾਰੀ ਲੈ ਸਕਦੇ ਹਨ ਅਤੇ ਜੇਕਰ ਰਿਕਾਰਡ ਵਿੱਚ ਕੋਈ ਗਲਤੀ ਹੈ ਤਾਂ ਨਿਰਧਾਰਤ ਪ੍ਰਕਿਰਿਆ ਤਹਿਤ ਉਸ ਨੂੰ ਠੀਕ ਕਰਵਾ ਸਕਦੇ ਹਨ।
ਆਪਣਾ ਨਾਂ ਕਿਵੇਂ ਚੈੱਕ ਕਰੀਏ?
ਡਰਾਫਟ ਵੋਟਰ ਲਿਸਟ ਜਾਰੀ ਹੋਣ ਤੋਂ ਬਾਅਦ ਵੋਟਰ ਆਪਣਾ ਨਾਂ ਵੋਟਰ ਸੂਚੀ ਵਿੱਚ ਆਨਲਾਈਨ ਜਾਂ ਆਪਣੇ ਇਲਾਕੇ ਦੇ BLO/ERO ਰਾਹੀਂ ਚੈੱਕ ਕਰ ਸਕਦੇ ਹਨ। ਨਾਂ, ਵੋਟਰ ਆਈਡੀ ਜਾਂ ਹੋਰ ਉਪਲਬਧ ਵੇਰਵਿਆਂ ਰਾਹੀਂ ਰਿਕਾਰਡ ਦੀ ਜਾਂਚ ਕੀਤੀ ਜਾ ਸਕਦੀ ਹੈ।ਇਸ ਲਈ 13 ਅਗਸਤ ਨੂੰ ਡਰਾਫਟ ਵੋਟਰ ਲਿਸਟ ਜਾਰੀ ਹੋਣ ਤੋਂ ਬਾਅਦ ਹਰ ਵੋਟਰ ਨੂੰ ਆਪਣਾ ਨਾਂ ਜ਼ਰੂਰ ਚੈੱਕ ਕਰਨਾ ਚਾਹੀਦਾ ਹੈ। ਜੇ ਨਾਂ ਗਾਇਬ ਹੈ ਜਾਂ ਵੇਰਵਿਆਂ ਵਿੱਚ ਕੋਈ ਗਲਤੀ ਹੈ ਤਾਂ ਸਮੇਂ ਸਿਰ ਦਾਅਵਾ ਜਾਂ ਇਤਰਾਜ਼ ਦਰਜ ਕਰਵਾਉਣਾ ਮਹੱਤਵਪੂਰਨ ਹੋਵੇਗਾ।
