ਨਵੀਂ ਦਿੱਲੀ: ਦਿੱਲੀ ਹਵਾਈ ਅੱਡੇ ’ਤੇ ਤਿੰਨ ਇਤਾਲਵੀ ਯਾਤਰੀਆਂ ਦੇ ਬਿਨਾਂ ਲੋੜੀਂਦੀ ਇਮੀਗ੍ਰੇਸ਼ਨ ਜਾਂਚ ਅਗਲੀ ਅੰਤਰਰਾਸ਼ਟਰੀ ਉਡਾਣ ’ਚ ਸਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨੇ ਹਵਾਈ ਅੱਡੇ ਦੀ ਸੁਰੱਖਿਆ ਅਤੇ ਯਾਤਰੀਆਂ ਦੇ ਟ੍ਰਾਂਸਫਰ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਏਅਰ ਇੰਡੀਆ ਤੋਂ ਸਪੱਸ਼ਟੀਕਰਨ ਮੰਗਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।
ਮਿਲੀ ਜਾਣਕਾਰੀ ਅਨੁਸਾਰ, 4 ਸਤੰਬਰ ਨੂੰ ਤਿੰਨ ਇਤਾਲਵੀ ਨਾਗਰਿਕ ਏਅਰ ਇੰਡੀਆ ਦੀ ਉਡਾਣ ਰਾਹੀਂ ਅੰਮ੍ਰਿਤਸਰ ਤੋਂ ਦਿੱਲੀ ਪਹੁੰਚੇ ਸਨ। ਉਨ੍ਹਾਂ ਨੇ ਦਿੱਲੀ ਤੋਂ ਮਿਊਨਿਖ ਜਾਣ ਵਾਲੀ ਲੁਫਥਾਂਸਾ ਦੀ ਉਡਾਣ ’ਚ ਸਵਾਰ ਹੋਣਾ ਸੀ।ਨਿਯਮਾਂ ਮੁਤਾਬਕ, ਦਿੱਲੀ ਪਹੁੰਚਣ ਤੋਂ ਬਾਅਦ ਯਾਤਰੀਆਂ ਨੂੰ ਲੋੜੀਂਦੀ ਆਗਮਨ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰਨੀ ਚਾਹੀਦੀ ਸੀ। ਪਰ ਸੂਤਰਾਂ ਦੇ ਹਵਾਲੇ ਨਾਲ ਆ ਰਹੀ ਜਾਣਕਾਰੀ ਅਨੁਸਾਰ, ਯਾਤਰੀ ਇਮੀਗ੍ਰੇਸ਼ਨ ਖੇਤਰ ’ਚ ਜਾਣ ਦੀ ਬਜਾਏ ਅੰਤਰਰਾਸ਼ਟਰੀ ਟ੍ਰਾਂਸਫਰ ਖੇਤਰ ਵੱਲ ਚਲੇ ਗਏ ਅਤੇ ਉੱਥੋਂ ਅਗਲੀ ਉਡਾਣ ’ਚ ਸਵਾਰ ਹੋ ਗਏ।
ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ
ਮੰਤਰਾਲੇ ਨੇ ਏਅਰ ਇੰਡੀਆ ਦੇ ਸੀਈਓ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਇਹ ਗਲਤੀ ਕਿਵੇਂ ਹੋਈ ਅਤੇ ਇਸ ਲਈ ਕੌਣ ਜ਼ਿੰਮੇਵਾਰ ਹੈ। ਰਿਪੋਰਟਾਂ ਮੁਤਾਬਕ, ਏਅਰਲਾਈਨ ਤੋਂ ਨੌਂ ਨੁਕਤਿਆਂ ’ਤੇ ਲਿਖਤੀ ਜਵਾਬ ਮੰਗਿਆ ਗਿਆ ਹੈ ਅਤੇ ਜਵਾਬ ਦੇਣ ਲਈ ਸੱਤ ਦਿਨਾਂ ਦਾ ਸਮਾਂ ਦਿੱਤਾ ਗਿਆ ਹੈ।ਨੋਟਿਸ ਵਿੱਚ ਯਾਤਰੀਆਂ ਨੂੰ ਸੰਭਾਲਣ ਅਤੇ ਉਨ੍ਹਾਂ ਦੀ ਆਵਾਜਾਈ ਨਾਲ ਜੁੜੇ ਏਅਰ ਇੰਡੀਆ ਅਤੇ SATS ਦੇ ਕਰਮਚਾਰੀਆਂ ਦੀ ਭੂਮਿਕਾ ਬਾਰੇ ਵੀ ਸਵਾਲ ਕੀਤੇ ਗਏ ਹਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਦਾਅਵਾ! ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਮੁਫ਼ਤ ਹੋਇਆ ਕਿਡਨੀ ਟਰਾਂਸਪਲਾਂਟ
ਬੋਰਡਿੰਗ ਪਾਸ ਜਾਰੀ ਕਰਨ ’ਤੇ ਵੀ ਸਵਾਲ
ਮੰਤਰਾਲੇ ਨੇ ਇਸ ਗੱਲ ਦੀ ਵੀ ਜਾਂਚ ਮੰਗੀ ਹੈ ਕਿ ਅੰਮ੍ਰਿਤਸਰ ਵਿੱਚ ਹੀ ਦਿੱਲੀ ਤੋਂ ਮਿਊਨਿਖ ਜਾਣ ਵਾਲੀ ਲੁਫਥਾਂਸਾ ਦੀ ਉਡਾਣ ਲਈ ਅਗਲਾ ਬੋਰਡਿੰਗ ਪਾਸ ਕਿਵੇਂ ਜਾਰੀ ਹੋਇਆ। ਨੋਟਿਸ ਵਿੱਚ ਹੱਬ-ਐਂਡ-ਸਪੋਕ ਮਾਡਲ ਨਾਲ ਜੁੜੇ ਨਿਯਮਾਂ ਦਾ ਹਵਾਲਾ ਦਿੰਦਿਆਂ ਇਸ ਪ੍ਰਕਿਰਿਆ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਹੈ।ਜਾਂਚ ਦਾ ਮੁੱਖ ਕੇਂਦਰ ਇਹ ਵੀ ਰਹੇਗਾ ਕਿ ਯਾਤਰੀਆਂ ਨੂੰ ਟ੍ਰਾਂਸਫਰ ਖੇਤਰ ਵੱਲ ਕਿਸ ਨੇ ਭੇਜਿਆ ਅਤੇ ਉਸ ਸਮੇਂ ਨਿਗਰਾਨੀ ਦੀ ਜ਼ਿੰਮੇਵਾਰੀ ਕਿਸ ਕੋਲ ਸੀ।
ਗ੍ਰਹਿ ਮੰਤਰਾਲੇ ਨੇ ਵੀ ਬੁਲਾਈ ਮੀਟਿੰਗ
ਇਸ ਮਾਮਲੇ ਨੂੰ ਗੰਭੀਰ ਮੰਨਦਿਆਂ ਗ੍ਰਹਿ ਮੰਤਰਾਲੇ ਨੇ ਅਧਿਕਾਰੀਆਂ ਅਤੇ ਸਬੰਧਤ ਹਿੱਸੇਦਾਰਾਂ ਦੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਸੁਰੱਖਿਆ ਏਜੰਸੀਆਂ, ਬਿਊਰੋ ਆਫ਼ ਇਮੀਗ੍ਰੇਸ਼ਨ, ਨਾਗਰਿਕ ਹਵਾਬਾਜ਼ੀ ਮੰਤਰਾਲੇ ਅਤੇ ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।ਫਿਲਹਾਲ ਏਅਰ ਇੰਡੀਆ ਵੱਲੋਂ ਇਸ ਮਾਮਲੇ ’ਤੇ ਕੋਈ ਅਧਿਕਾਰਕ ਟਿੱਪਣੀ ਸਾਹਮਣੇ ਨਹੀਂ ਆਈ। ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਹ ਕੁਤਾਹੀ ਕਿਵੇਂ ਹੋਈ ਅਤੇ ਇਸ ਲਈ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਜ਼ਿੰਮੇਵਾਰ ਹਨ।
