ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਵਿਰੁੱਧ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਰਹੱਦ ਪਾਰ ਤਸਕਰੀ ਦੇ ਇੱਕ ਮਾਡਿਊਲ ਦਾ ਪਰਦਾਫਾਸ਼ ਕਰਦਿਆਂ 27 ਕਿਲੋ ਹੈਰੋਇਨ ਸਮੇਤ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਇੱਕ ਵਿਦੇਸ਼ੀ .30 ਬੋਰ PX5 ਪਿਸਤੌਲ ਅਤੇ ਤਿੰਨ ਕਾਰਤੂਸ ਵੀ ਬਰਾਮਦ ਕੀਤੇ ਗਏ ਹਨ।
ਇਸ ਸਬੰਧੀ ਜਾਣਕਾਰੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਅਤੇ ਨਸ਼ਿਆਂ ਤੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਕੀਤੀ ਗਈ ਹੈ।
ਚਾਰ ਮੁਲਜ਼ਮ ਗ੍ਰਿਫ਼ਤਾਰ
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਵਿਸ਼ਾਲ ਸਿੰਘ ਉਰਫ਼ ਸ਼ਾਲੂ, ਮਨਪ੍ਰੀਤ ਸਿੰਘ ਉਰਫ਼ ਸਨੀ ਅਤੇ ਸਮਾਰਟਪ੍ਰੀਤ ਸਿੰਘ ਵਜੋਂ ਹੋਈ ਹੈ। ਇਹ ਤਿੰਨੇ ਅੰਮ੍ਰਿਤਸਰ ਦੀ ਛੇਹਰਟਾ ਸਥਿਤ ਭੱਲਾ ਕਲੋਨੀ ਦੇ ਰਹਿਣ ਵਾਲੇ ਹਨ। ਚੌਥੇ ਮੁਲਜ਼ਮ ਦੀ ਪਛਾਣ ਕਰਨ ਸਿੰਘ ਵਜੋਂ ਹੋਈ ਹੈ, ਜੋ ਤਰਨਤਾਰਨ ਦੇ ਪਿੰਡ ਭੁੱਸੇ ਦਾ ਰਹਿਣ ਵਾਲਾ ਹੈ।ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਤੋਂ ਇਲਾਵਾ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਕਾਲੇ ਰੰਗ ਦੀ ਸਪਲੈਂਡਰ ਮੋਟਰਸਾਈਕਲ ਅਤੇ ਇੱਕ ਸਲੇਟੀ ਰੰਗ ਦੀ ਹੌਂਡਾ ਐਕਟਿਵਾ ਵੀ ਜ਼ਬਤ ਕੀਤੀ ਹੈ। ਪੁਲਿਸ ਅਨੁਸਾਰ ਇਨ੍ਹਾਂ ਵਾਹਨਾਂ ਦੀ ਵਰਤੋਂ ਤਸਕਰੀ ਦੇ ਕੰਮਾਂ ਲਈ ਕੀਤੀ ਜਾ ਰਹੀ ਸੀ।
In a major breakthrough against narcotics & illegal arms smuggling, Counter Intelligence, Amritsar foils a cross-border smuggling module and apprehends four accused, recovering 27 Kg Heroin, one sophisticated foreign-made .30 bore PX5 pistol and three cartridges.
Preliminary… pic.twitter.com/6rhMsINLZ3
— DGP Punjab Police (@DGPPunjabPolice) September 16, 2026
ਡਰੋਨ ਰਾਹੀਂ ਸਰਹੱਦ ਪਾਰੋਂ ਆਈ ਸੀ ਹੈਰੋਇਨ ਦੀ ਖੇਪ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਚਾਰ ਮੁਲਜ਼ਮਾਂ ਨੂੰ ਅਟਾਰੀ ਦੇ ਭਾਰਤ-ਪਾਕਿਸਤਾਨ ਸਰਹੱਦੀ ਇਲਾਕੇ ਤੋਂ ਡਰੋਨ ਰਾਹੀਂ ਸੁੱਟੀ ਗਈ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਮਿਲੀ ਹੈ।
ਸੂਚਨਾ ਮੁਤਾਬਕ ਮੁਲਜ਼ਮਾਂ ਨੇ ਇਹ ਖੇਪ ਅੰਮ੍ਰਿਤਸਰ ਦੇ ਅੱਡਾ ਖਾਸਾ ਨੇੜੇ ਕਿਸੇ ਹੋਰ ਪਾਰਟੀ ਨੂੰ ਸੌਂਪਣੀ ਸੀ। ਇਸ ਤੋਂ ਬਾਅਦ ਪੁਲਿਸ ਟੀਮਾਂ ਨੇ ਤੁਰੰਤ ਕਾਰਵਾਈ ਕਰਦਿਆਂ ਖਾਸਾ ਦੇ ਬੱਸ ਸ਼ੈਲਟਰ ਨੇੜੇ ਛਾਪਾ ਮਾਰਿਆ ਅਤੇ ਚਾਰਾਂ ਨੂੰ ਗ੍ਰਿਫ਼ਤਾਰ ਕਰ ਲਿਆ।ਤਲਾਸ਼ੀ ਦੌਰਾਨ ਪੁਲਿਸ ਨੇ 27 ਕਿਲੋ ਹੈਰੋਇਨ, ਇੱਕ ਵਿਦੇਸ਼ੀ .30 ਬੋਰ PX5 ਪਿਸਤੌਲ ਅਤੇ ਤਿੰਨ ਕਾਰਤੂਸ ਬਰਾਮਦ ਕੀਤੇ।
ਦੁਬਈ ਦੇ ਹੈਂਡਲਰਾਂ ਨਾਲ ਸੰਪਰਕ ਹੋਣ ਦਾ ਸ਼ੱਕ
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੁਬਈ ਵਿੱਚ ਬੈਠੇ ਆਪਰੇਟਰਾਂ ਅਤੇ ਸਰਹੱਦ ਪਾਰ ਤਸਕਰਾਂ ਦੇ ਸੰਪਰਕ ਵਿੱਚ ਸਨ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਨਸ਼ਿਆਂ ਅਤੇ ਹਥਿਆਰਾਂ ਦੀ ਖੇਪ ਮਿਲਣ ਤੋਂ ਬਾਅਦ ਆਪਣੇ ਹੈਂਡਲਰਾਂ ਦੇ ਕਹਿਣ ’ਤੇ ਇਸ ਨੂੰ ਅੱਗੇ ਸਪਲਾਈ ਕਰਨਾ ਸੀ।ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਆਪਣੇ ਹੈਂਡਲਰਾਂ ਨਾਲ ਸੰਪਰਕ ਕਰਨ ਲਈ ਐਨਕ੍ਰਿਪਟਡ ਕਮਿਊਨੀਕੇਸ਼ਨ ਪਲੇਟਫਾਰਮਾਂ ਦੀ ਵਰਤੋਂ ਕਰ ਰਹੇ ਸਨ। ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਪਲੇਟਫਾਰਮਾਂ ਦੀ ਵਰਤੋਂ ਪੁਲਿਸ ਤੋਂ ਬਚਣ ਦੇ ਮਕਸਦ ਨਾਲ ਕੀਤੀ ਜਾ ਰਹੀ ਸੀ।
ਤਸਕਰੀ ਨੈੱਟਵਰਕ ਦੀ ਜਾਂਚ ਜਾਰੀ
ਪੁਲਿਸ ਵੱਲੋਂ ਹੁਣ ਇਸ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮਕਸਦ ਤਸਕਰੀ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਪਛਾਣ ਕਰਨਾ ਅਤੇ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਦੇ ਪੂਰੇ ਨੈੱਟਵਰਕ ਦਾ ਪਤਾ ਲਗਾਉਣਾ ਹੈ।ਇਸ ਮਾਮਲੇ ਵਿੱਚ 15 ਸਤੰਬਰ ਨੂੰ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ, ਅੰਮ੍ਰਿਤਸਰ ਵਿਖੇ ਐੱਫਆਈਆਰ ਨੰਬਰ 58 ਦਰਜ ਕੀਤੀ ਗਈ ਹੈ। ਪੁਲਿਸ ਨੇ ਐਨਡੀਪੀਐਸ ਐਕਟ ਅਤੇ ਆਰਮਜ਼ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।ਹੁਣ ਜਾਂਚ ਦੌਰਾਨ ਇਹ ਪਤਾ ਲਗਾਇਆ ਜਾਵੇਗਾ ਕਿ ਇਸ ਨੈੱਟਵਰਕ ਦੇ ਹੋਰ ਕਿਹੜੇ ਲੋਕ ਸ਼ਾਮਲ ਹਨ ਅਤੇ ਸਰਹੱਦ ਪਾਰੋਂ ਨਸ਼ਿਆਂ ਤੇ ਹਥਿਆਰਾਂ ਦੀ ਸਪਲਾਈ ਕਿਵੇਂ ਕੀਤੀ ਜਾ ਰਹੀ ਸੀ।
