ਜੈਸ਼ੰਕਰ ਮੁਤਾਬਕ, ਸਮਝੌਤੇ ਨਾਲ ਜੁੜੇ ਜ਼ਿਆਦਾਤਰ ਮੁੱਦਿਆਂ ਨੂੰ ਹੱਲ ਕਰ ਲਿਆ ਗਿਆ ਹੈ ਅਤੇ ਹੁਣ ਸਿਰਫ਼ ਕੁਝ ਹੀ ਨੁਕਤੇ ਬਾਕੀ ਹਨ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਬਾਕੀ ਰਹਿੰਦੇ ਮੁੱਦੇ ਭਾਰਤ ਦੇ ਮੁਕਾਬਲੇ ਅਮਰੀਕੀ ਪੱਖ ਨਾਲ ਜ਼ਿਆਦਾ ਸਬੰਧਤ ਹਨ।
ਜ਼ਿਆਦਾਤਰ ਮੁੱਦੇ ਹੱਲ, ਜਲਦ ਹੋ ਸਕਦਾ ਹੈ ਸਮਝੌਤਾ
‘ਹਿੰਦੁਸਤਾਨ ਟਾਈਮਜ਼’ ਦੀ ਰਿਪੋਰਟ ਅਨੁਸਾਰ, ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦਾ ਟੀਚਾ ਅਜਿਹਾ ਵਪਾਰਕ ਸਮਝੌਤਾ ਕਰਨਾ ਹੈ, ਜੋ ਦੋਵਾਂ ਦੇਸ਼ਾਂ ਲਈ ਸੰਤੁਲਿਤ ਅਤੇ ਲਾਹੇਵੰਦ ਸਾਬਤ ਹੋਵੇ।
ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਤੇ ਵਣਜ ਮੰਤਰੀ ਪੀਯੂਸ਼ ਗੋਇਲ ਨਾਲ ਲਗਾਤਾਰ ਸੰਪਰਕ ਵਿੱਚ ਹਨ। ਗੱਲਬਾਤ ਦੌਰਾਨ ਕਈ ਅਹਿਮ ਮੁੱਦਿਆਂ ‘ਤੇ ਸਹਿਮਤੀ ਬਣ ਚੁੱਕੀ ਹੈ ਅਤੇ ਹੁਣ ਕੁਝ ਨੁਕਤਿਆਂ ‘ਤੇ ਹੀ ਫੈਸਲਾ ਹੋਣਾ ਬਾਕੀ ਹੈ।ਜੈਸ਼ੰਕਰ ਨੇ ਉਮੀਦ ਜਤਾਈ ਕਿ ਦੋਵੇਂ ਦੇਸ਼ ਜਲਦ ਹੀ ਸਮਝੌਤੇ ਨੂੰ ਅੰਤਿਮ ਰੂਪ ਦੇਣ ਵਿੱਚ ਸਫਲ ਹੋਣਗੇ। ਹਾਲਾਂਕਿ, ਉਨ੍ਹਾਂ ਨੇ ਸਮਝੌਤੇ ਦੀ ਕੋਈ ਪੱਕੀ ਤਾਰੀਖ ਨਹੀਂ ਦੱਸੀ।
ਅਮਰੀਕਾ ਨੂੰ ਕਰਨੇ ਪੈ ਸਕਦੇ ਹਨ ਵਧੇਰੇ ਬਦਲਾਅ
ਵਿਦੇਸ਼ ਮੰਤਰੀ ਨੇ ਗੱਲਬਾਤ ਦੀ ਪ੍ਰਕਿਰਿਆ ਬਾਰੇ ਦੱਸਦਿਆਂ ਕਿਹਾ ਕਿ ਭਾਰਤੀ ਪੱਖ ਵੱਲੋਂ ਬਾਕੀ ਰਹਿੰਦੇ ਮੁੱਦੇ ਘੱਟ ਹਨ, ਜਦਕਿ ਅਮਰੀਕੀ ਪੱਖ ਨੂੰ ਕੁਝ ਵਧੇਰੇ ਤਬਦੀਲੀਆਂ ਅਤੇ ਸਮਾਯੋਜਨ ਕਰਨ ਦੀ ਲੋੜ ਪੈ ਸਕਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵੱਡੇ ਸਮਝੌਤੇ ਦੀ ਗੱਲਬਾਤ ਅੰਤਿਮ ਪੜਾਅ ‘ਤੇ ਪਹੁੰਚਦੀ ਹੈ ਤਾਂ ਲੋਕਾਂ ਵਿੱਚ ਉਤਸੁਕਤਾ ਵਧ ਜਾਂਦੀ ਹੈ। ਹਰ ਕੋਈ ਜਾਣਨਾ ਚਾਹੁੰਦਾ ਹੈ ਕਿ ਸਮਝੌਤਾ ਕਦੋਂ ਹੋਵੇਗਾ ਅਤੇ ਕਿਹੜੇ ਮੁੱਦੇ ਅਜੇ ਬਾਕੀ ਹਨ। ਪਰ ਜਦੋਂ ਤੱਕ ਗੱਲਬਾਤ ਜਾਰੀ ਰਹਿੰਦੀ ਹੈ, ਅਧਿਕਾਰੀ ਆਮ ਤੌਰ ‘ਤੇ ਇਸ ਨਾਲ ਜੁੜੇ ਸਾਰੇ ਵੇਰਵੇ ਜਨਤਕ ਨਹੀਂ ਕਰਦੇ।
ਪੁਰਾਣੇ ਪ੍ਰਮਾਣੂ ਸਮਝੌਤੇ ਦੀ ਗੱਲਬਾਤ ਨੂੰ ਕੀਤਾ ਯਾਦ
ਜੈਸ਼ੰਕਰ ਨੇ ਆਪਣੇ ਪੁਰਾਣੇ ਤਜਰਬੇ ਦਾ ਹਵਾਲਾ ਦਿੰਦਿਆਂ ਕਿਹਾ ਕਿ ਕਈ ਸਾਲ ਪਹਿਲਾਂ ਜਦੋਂ ਉਹ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਦੀ ਗੱਲਬਾਤ ਵਿੱਚ ਸ਼ਾਮਲ ਸਨ, ਉਸ ਸਮੇਂ ਵੀ ਲੋਕ ਇਸੇ ਤਰ੍ਹਾਂ ਸਵਾਲ ਕਰਦੇ ਸਨ ਕਿ ਸਮਝੌਤਾ ਕਦੋਂ ਪੂਰਾ ਹੋਵੇਗਾ ਅਤੇ ਇਸ ਵਿੱਚ ਹੋਰ ਕਿੰਨਾ ਸਮਾਂ ਲੱਗੇਗਾ।
ਉਨ੍ਹਾਂ ਦੇ ਮੁਤਾਬਕ, ਵੱਡੇ ਅੰਤਰਰਾਸ਼ਟਰੀ ਸਮਝੌਤਿਆਂ ਵਿੱਚ ਆਖਰੀ ਪੜਾਅ ‘ਤੇ ਕੁਝ ਸਮਾਂ ਲੱਗਣਾ ਸੁਭਾਵਿਕ ਹੈ।
ਦੁਨੀਆ ਵਿੱਚ ਬਦਲ ਰਹੀ ਤਾਕਤਾਂ ਦੀ ਸਮੀਕਰਨ
ਇਸ ਦੌਰਾਨ ਵਿਸ਼ਵ ਸਥਿਤੀ ਬਾਰੇ ਗੱਲ ਕਰਦਿਆਂ ਜੈਸ਼ੰਕਰ ਨੇ ਕਿਹਾ ਕਿ ਦੁਨੀਆ ਇਸ ਸਮੇਂ ਵੱਡੇ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੀ ਹੈ। ਮੱਧ ਪੂਰਬ, ਯੂਕਰੇਨ ਅਤੇ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਚੱਲ ਰਹੇ ਸੰਕਟਾਂ ਨੇ ਅੰਤਰਰਾਸ਼ਟਰੀ ਹਾਲਾਤ ਨੂੰ ਹੋਰ ਗੁੰਝਲਦਾਰ ਬਣਾ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਚੀਨ ਵਿਚਕਾਰ ਮੁਕਾਬਲਾ ਵਿਸ਼ਵ ਪੱਧਰ ‘ਤੇ ਤਣਾਅ ਦਾ ਇੱਕ ਕਾਰਨ ਹੈ, ਪਰ ਮੌਜੂਦਾ ਚੁਣੌਤੀਆਂ ਪਿੱਛੇ ਸਿਰਫ਼ ਇਹੀ ਕਾਰਨ ਨਹੀਂ ਹੈ। ਦੁਨੀਆ ਵਿੱਚ ਨਵੀਆਂ ਤਾਕਤਾਂ ਉੱਭਰ ਰਹੀਆਂ ਹਨ ਅਤੇ ਅਜਿਹੇ ਸਮੇਂ ਵਿੱਚ ਮਜ਼ਬੂਤ ਤੇ ਸਥਿਰ ਅਗਵਾਈ ਦੀ ਲੋੜ ਹੈ।
ਫਿਲਹਾਲ ਭਾਰਤ ਅਤੇ ਅਮਰੀਕਾ ਵਿਚਕਾਰ ਵਪਾਰਕ ਸਮਝੌਤੇ ਦੀ ਗੱਲਬਾਤ ਅੰਤਿਮ ਪੜਾਅ ਵਿੱਚ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵੇਂ ਦੇਸ਼ ਬਾਕੀ ਰਹਿੰਦੇ ਮੁੱਦਿਆਂ ਨੂੰ ਕਦੋਂ ਹੱਲ ਕਰਦੇ ਹਨ ਅਤੇ ਇਸ ਅਹਿਮ ਸਮਝੌਤੇ ‘ਤੇ ਕਦੋਂ ਮੋਹਰ ਲੱਗਦੀ ਹੈ।
