FBI ਦੇ ਕਿਸ ਡੇਟਾਬੇਸ ਨੂੰ ਬਣਾਇਆ ਗਿਆ ਨਿਸ਼ਾਨਾ?
ਰਿਪੋਰਟਾਂ ਅਨੁਸਾਰ ਹੈਕਰਾਂ ਨੇ FBI ਦੇ ਨੈਸ਼ਨਲ ਕ੍ਰਾਈਮ ਇਨਫਰਮੇਸ਼ਨ ਸੈਂਟਰ (NCIC) ਡੇਟਾਬੇਸ ਤੱਕ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂ ਇਸ ਵਿੱਚ ਸ਼ੱਕੀ ਘੁਸਪੈਠ ਹੋਈ ਹੈ। ਇਹ ਡੇਟਾਬੇਸ ਅਮਰੀਕਾ ਦੀਆਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਲਈ ਬੇਹੱਦ ਮਹੱਤਵਪੂਰਨ ਮੰਨਿਆ ਜਾਂਦਾ ਹੈ।
ਇਸ ਵਿੱਚ ਭਗੌੜੇ ਅਪਰਾਧੀਆਂ, ਗ੍ਰਿਫ਼ਤਾਰੀ ਵਾਰੰਟਾਂ, ਚੋਰੀ ਹੋਏ ਵਾਹਨਾਂ ਅਤੇ ਜਾਇਦਾਦਾਂ, ਲਾਪਤਾ ਵਿਅਕਤੀਆਂ ਅਤੇ ਅਪਰਾਧਿਕ ਰਿਕਾਰਡਾਂ ਨਾਲ ਜੁੜੀ ਸੰਵੇਦਨਸ਼ੀਲ ਜਾਣਕਾਰੀ ਸਟੋਰ ਕੀਤੀ ਜਾਂਦੀ ਹੈ।
ਅਮਰੀਕਾ ਦੀਆਂ ਸੰਘੀ, ਰਾਜ ਅਤੇ ਸਥਾਨਕ ਪੁਲਿਸ ਏਜੰਸੀਆਂ ਰੋਜ਼ਾਨਾ ਇਸ ਡੇਟਾਬੇਸ ਦੀ ਵਰਤੋਂ ਕਰਦੀਆਂ ਹਨ। ਅਜਿਹੇ ਵਿੱਚ ਜੇਕਰ ਹੈਕਰਾਂ ਨੇ ਇਸ ਤੱਕ ਪਹੁੰਚ ਬਣਾ ਲਈ ਹੈ ਤਾਂ ਇਹ ਅਮਰੀਕਾ ਦੀ ਸੁਰੱਖਿਆ ਪ੍ਰਣਾਲੀ ਲਈ ਵੱਡੀ ਚੁਣੌਤੀ ਸਾਬਤ ਹੋ ਸਕਦਾ ਹੈ। ਹਾਲਾਂਕਿ ਹਾਲੇ ਤੱਕ ਚੋਰੀ ਹੋਏ ਡੇਟਾ ਜਾਂ ਨੁਕਸਾਨ ਦੀ ਪੂਰੀ ਜਾਣਕਾਰੀ ਸਾਹਮਣੇ ਨਹੀਂ ਆਈ।
ਕੁਝ ਮਹੀਨਿਆਂ ਵਿੱਚ FBI ‘ਤੇ ਦੂਜਾ ਵੱਡਾ ਸਾਈਬਰ ਹਮਲਾ
ਇਹ ਪਹਿਲੀ ਵਾਰ ਨਹੀਂ ਹੈ ਜਦੋਂ FBI ਦੇ ਸਿਸਟਮਾਂ ਨੂੰ ਹੈਕਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੋਵੇ। ਇਸ ਤੋਂ ਪਹਿਲਾਂ ਸਤੰਬਰ 2026 ਵਿੱਚ ShinyHunters ਨਾਮ ਦੇ ਹੈਕਰ ਗਰੁੱਪ ਨੇ FBI ਦੀ ਭਰਤੀ ਵੈੱਬਸਾਈਟ FBIJobs.gov ‘ਤੇ ਸਾਈਬਰ ਹਮਲੇ ਦਾ ਦਾਅਵਾ ਕੀਤਾ ਸੀ।
ਇਸ ਹਮਲੇ ਦੌਰਾਨ ਏਜੰਸੀ ਦੇ ਕਰਮਚਾਰੀਆਂ ਅਤੇ ਨੌਕਰੀ ਲਈ ਅਰਜ਼ੀਆਂ ਦੇਣ ਵਾਲੇ ਲੋਕਾਂ ਨਾਲ ਸਬੰਧਤ ਨਿੱਜੀ ਜਾਣਕਾਰੀ ਚੋਰੀ ਹੋਣ ਦਾ ਦਾਅਵਾ ਕੀਤਾ ਗਿਆ ਸੀ।ਇਸ ਘਟਨਾ ਤੋਂ ਬਾਅਦ FBI ਦੀ ਸੁਰੱਖਿਆ ਪ੍ਰਣਾਲੀ ‘ਤੇ ਸਵਾਲ ਉੱਠੇ ਸਨ। ਕਰਮਚਾਰੀਆਂ ਵੱਲੋਂ ਵੀ ਚਿੰਤਾ ਜਤਾਈ ਗਈ ਸੀ ਕਿ ਉਨ੍ਹਾਂ ਨੂੰ ਨਿੱਜੀ ਡੇਟਾ ਦੀ ਸੁਰੱਖਿਆ ਸਬੰਧੀ ਸਮੇਂ ਸਿਰ ਜਾਣਕਾਰੀ ਨਹੀਂ ਦਿੱਤੀ ਗਈ।
FBI ਡਾਇਰੈਕਟਰ ਕਸ਼ ਪਟੇਲ ਨੇ ਕੀ ਕਿਹਾ?
ਇਸ ਸਾਈਬਰ ਸੁਰੱਖਿਆ ਮਾਮਲੇ ਦੇ ਵਿਚਕਾਰ FBI ਡਾਇਰੈਕਟਰ ਕਸ਼ ਪਟੇਲ ਨੇ ਏਜੰਸੀ ਦੇ ਸਾਈਬਰ ਸੁਰੱਖਿਆ ਕੰਮਾਂ ਦਾ ਬਚਾਅ ਕੀਤਾ ਹੈ। ਉਨ੍ਹਾਂ ਨੇ ‘ਆਪ੍ਰੇਸ਼ਨ ਵਿੰਟਰ ਸ਼ੀਲਡ’ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਅਮਰੀਕਾ ਦੇ ਮਹੱਤਵਪੂਰਨ ਬੁਨਿਆਦੀ ਢਾਂਚੇ ਅਤੇ ਡਿਜੀਟਲ ਸਿਸਟਮਾਂ ਨੂੰ ਸੁਰੱਖਿਅਤ ਬਣਾਉਣ ਲਈ ਕਦਮ ਚੁੱਕੇ ਜਾ ਰਹੇ ਹਨ।
ਇਸ ਮੁਹਿੰਮ ਦਾ ਉਦੇਸ਼ ਸਾਈਬਰ ਅਪਰਾਧੀਆਂ ਵੱਲੋਂ ਸੰਵੇਦਨਸ਼ੀਲ ਜਾਣਕਾਰੀ ਤੱਕ ਪਹੁੰਚ ਬਣਾਉਣ ਦੀਆਂ ਕੋਸ਼ਿਸ਼ਾਂ ਨੂੰ ਰੋਕਣਾ ਅਤੇ ਸਿਸਟਮਾਂ ਦੀ ਸੁਰੱਖਿਆ ਮਜ਼ਬੂਤ ਕਰਨਾ ਦੱਸਿਆ ਗਿਆ ਹੈ,ਹਾਲਾਂਕਿ ਇਸ ਆਪ੍ਰੇਸ਼ਨ ਅਤੇ NCIC ਡੇਟਾਬੇਸ ਵਿੱਚ ਸ਼ੱਕੀ ਘੁਸਪੈਠ ਵਿਚਕਾਰ ਸਿੱਧੇ ਸਬੰਧ ਦੀ ਪੁਸ਼ਟੀ ਨਹੀਂ ਹੋਈ ਹੈ।
ਅਮਰੀਕਾ ਦੀ ਸਾਈਬਰ ਸੁਰੱਖਿਆ ‘ਤੇ ਕਿਉਂ ਉੱਠ ਰਹੇ ਹਨ ਸਵਾਲ?
ਅਮਰੀਕਾ ਵਿੱਚ ਸਰਕਾਰੀ ਅਤੇ ਨਿੱਜੀ ਖੇਤਰ ਦੇ ਡਿਜੀਟਲ ਸਿਸਟਮਾਂ ‘ਤੇ ਲਗਾਤਾਰ ਸਾਹਮਣੇ ਆ ਰਹੇ ਸਾਈਬਰ ਹਮਲਿਆਂ ਨੇ ਸੁਰੱਖਿਆ ਏਜੰਸੀਆਂ ਦੀ ਚਿੰਤਾ ਵਧਾ ਦਿੱਤੀ ਹੈ।ਬੈਂਕਿੰਗ, ਹਵਾਈ ਆਵਾਜਾਈ ਅਤੇ ਸਰਕਾਰੀ ਸੇਵਾਵਾਂ ਵਰਗੇ ਮਹੱਤਵਪੂਰਨ ਖੇਤਰਾਂ ਵਿੱਚ ਤਕਨੀਕੀ ਰੁਕਾਵਟਾਂ ਅਤੇ ਸੁਰੱਖਿਆ ਚੁਣੌਤੀਆਂ ਵੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ।FBI ਵਰਗੀ ਜਾਂਚ ਏਜੰਸੀ ਦੇ ਅਪਰਾਧਿਕ ਰਿਕਾਰਡ ਵਾਲੇ ਡੇਟਾਬੇਸ ਵਿੱਚ ਸ਼ੱਕੀ ਘੁਸਪੈਠ ਦੀ ਖ਼ਬਰ ਨੇ ਇਸ ਚਿੰਤਾ ਨੂੰ ਹੋਰ ਵਧਾ ਦਿੱਤਾ ਹੈ।
ਫਿਲਹਾਲ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਹੈਕਰਾਂ ਨੇ ਕਿੰਨੀ ਜਾਣਕਾਰੀ ਤੱਕ ਪਹੁੰਚ ਬਣਾਈ ਅਤੇ ਕੀ ਅਮਰੀਕਾ ਦੀ ਸੁਰੱਖਿਆ ਪ੍ਰਣਾਲੀ ਨੂੰ ਕੋਈ ਵੱਡਾ ਨੁਕਸਾਨ ਹੋਇਆ ਹੈ। ਹੁਣ ਸਭ ਦੀਆਂ ਨਜ਼ਰਾਂ FBI ਦੀ ਅਧਿਕਾਰਤ ਜਾਣਕਾਰੀ ‘ਤੇ ਟਿਕੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਧੂਰੀ ‘ਚ CM ਮਾਨ ਦੀ ਅਗਨੀ ਪ੍ਰੀਖਿਆ! ਕੀ 2027 ‘ਚ ਬਚਾ ਸਕਣਗੇ ਆਪਣਾ ਸਿਆਸੀ ਗੜ੍ਹ?
