ਪਠਾਨਕੋਟ: ਪਠਾਨਕੋਟ ਦੇ ਪਿੰਡ ਸਰਨਾ ਸਥਿਤ ਛੋਟੀ ਨਹਿਰ ਨੇੜੇ ਇਕ ਟੈਂਕਰ ਵਰਕਸ਼ਾਪ ਵਿਚ ਵੈਲਡਿੰਗ ਦੌਰਾਨ ਹੋਏ ਭਿਆਨਕ ਧਮਾਕੇ ਵਿਚ ਵਰਕਸ਼ਾਪ ਦੇ ਤਜ਼ਰਬੇਕਾਰ ਫੋਰਮੈਨ ਦੀ ਮੌਤ ਹੋ ਗਈ, ਜਦਕਿ ਇਕ ਹੋਰ ਕਰਮਚਾਰੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਵਰਕਸ਼ਾਪ ਦੀ ਟੀਨ ਦੀ ਛੱਤ ਉੱਡ ਗਈ ਅਤੇ ਮੁਰੰਮਤ ਅਧੀਨ ਟੈਂਕਰ ਦੇ ਪਰਖੱਚੇ ਉੱਡ ਗਏ। ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣੀ ਗਈ, ਜਿਸ ਕਾਰਨ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮ੍ਰਿਤਕ ਦੀ ਪਛਾਣ 60 ਸਾਲਾ ਦੌਲਤ ਰਾਮ, ਵਾਸੀ ਪਿੰਡ ਬਲਸੂਆ, ਵਜੋਂ ਹੋਈ ਹੈ। ਉਹ ਪਿਛਲੇ ਕਰੀਬ 20 ਸਾਲਾਂ ਤੋਂ ਸੂਰਿਆ ਟੈਂਕਰ ਵਰਕਸ਼ਾਪ ਵਿੱਚ ਫੋਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਸਾਥੀ ਕਰਮਚਾਰੀਆਂ ਅਨੁਸਾਰ ਦੌਲਤ ਰਾਮ ਨੂੰ ਟੈਂਕਰ ਮੁਰੰਮਤ ਦਾ ਲੰਮਾ ਤਜਰਬਾ ਸੀ ਅਤੇ ਉਹ ਕਈ ਸਾਲਾਂ ਤੋਂ ਇਸ ਕੰਮ ਨਾਲ ਜੁੜੇ ਹੋਏ ਸਨ।ਹਾਦਸੇ ਵੇਲੇ ਦੌਲਤ ਰਾਮ ਦੇ ਨਾਲ ਕੰਮ ਕਰ ਰਿਹਾ ਇੱਕ ਹੋਰ ਕਰਮਚਾਰੀ ਵੀ ਧਮਾਕੇ ਦੀ ਲਪੇਟ ਵਿੱਚ ਆ ਗਿਆ। ਉਸ ਨੂੰ ਤੁਰੰਤ ਸਥਾਨਕ ਲੋਕਾਂ ਅਤੇ ਹੋਰ ਕਰਮਚਾਰੀਆਂ ਦੀ ਮਦਦ ਨਾਲ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਜ਼ਖ਼ਮੀ ਦੀ ਹਾਲਤ ਇਸ ਸਮੇਂ ਸਥਿਰ ਹੈ ਅਤੇ ਉਸ ਦਾ ਇਲਾਜ ਜਾਰੀ ਹੈ।
ਪੁਲਿਸ ਦੀ ਮੁੱਢਲੀ ਜਾਂਚ ਮੁਤਾਬਕ ਸੂਰਿਆ ਟੈਂਕਰ ਵਰਕਸ਼ਾਪ ਵਿਚ ਇਕ ਟੈਂਕਰ ਦੀ ਮੁਰੰਮਤ ਲਈ ਵੈਲਡਿੰਗ ਕੀਤੀ ਜਾ ਰਹੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਟੈਂਕਰ ਦੇ ਅੰਦਰ ਜਮ੍ਹਾਂ ਹੋਈ ਜਲਣਸ਼ੀਲ ਗੈਸ ਅਤੇ ਵੈਲਡਿੰਗ ਦੌਰਾਨ ਪੈਦਾ ਹੋਈ ਗਰਮੀ ਕਾਰਨ ਅਚਾਨਕ ਭਿਆਨਕ ਧਮਾਕਾ ਹੋ ਗਿਆ। ਧਮਾਕੇ ਦੀ ਤੀਬਰਤਾ ਕਾਰਨ ਵਰਕਸ਼ਾਪ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ।
ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਸਬੂਤ ਇਕੱਠੇ ਕੀਤੇ। ਪੁਲਿਸ ਵਲੋਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ।