ਚੰਡੀਗੜ੍ਹ: ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋਣ ਲੱਗੀਆਂ ਹਨ। ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੱਡਾ ਫੈਸਲਾ ਲੈਂਦਿਆਂ 9 ਮੈਂਬਰੀ ਚੋਣ ਮੈਨੀਫੈਸਟੋ ਕਮੇਟੀ ਦਾ ਗਠਨ ਕੀਤਾ ਹੈ। ਇਹ ਕਮੇਟੀ ਆਉਣ ਵਾਲੀਆਂ ਚੋਣਾਂ ਲਈ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ।
ਬਲਵਿੰਦਰ ਸਿੰਘ ਭੂੰਦੜ ਨੂੰ ਸੌਂਪੀ ਕਮੇਟੀ ਦੀ ਕਮਾਨ
ਸ਼੍ਰੋਮਣੀ ਅਕਾਲੀ ਦਲ ਵੱਲੋਂ ਬਣਾਈ ਗਈ ਇਸ ਕਮੇਟੀ ਦੀ ਅਗਵਾਈ ਸੀਨੀਅਰ ਪਾਰਟੀ ਆਗੂ ਬਲਵਿੰਦਰ ਸਿੰਘ ਭੂੰਦੜ ਕਰਨਗੇ। ਉਨ੍ਹਾਂ ਨੂੰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ ਹੈ, ਜਦਕਿ ਡਾ. ਦਲਜੀਤ ਸਿੰਘ ਚੀਮਾ ਮੈਂਬਰ ਸਕੱਤਰ ਵਜੋਂ ਆਪਣੀ ਜ਼ਿੰਮੇਵਾਰੀ ਨਿਭਾਉਣਗੇ।ਕਮੇਟੀ ਵਿੱਚ ਗੁਲਜ਼ਾਰ ਸਿੰਘ ਰਣੀਕੇ, ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਬਿਕਰਮ ਸਿੰਘ ਮਜੀਠੀਆ, ਸਿਕੰਦਰ ਸਿੰਘ ਮਲੂਕਾ, ਸੋਹਣ ਸਿੰਘ ਠੰਡਲ ਅਤੇ ਹਰਚਰਨ ਸਿੰਘ ਬੈਂਸ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੰਜਾਬ ਭਰ ਵਿੱਚ ਲੋਕਾਂ ਨਾਲ ਕਰੇਗੀ ਗੱਲਬਾਤ
ਇਹ ਕਮੇਟੀ ਸਿਰਫ਼ ਪਾਰਟੀ ਪੱਧਰ ’ਤੇ ਹੀ ਨਹੀਂ, ਸਗੋਂ ਪੰਜਾਬ ਦੇ ਵੱਖ-ਵੱਖ ਵਰਗਾਂ ਨਾਲ ਸਿੱਧਾ ਸੰਪਰਕ ਵੀ ਕਰੇਗੀ। ਕਮੇਟੀ ਪੰਜਾਬ ਭਰ ਦਾ ਦੌਰਾ ਕਰਕੇ ਕਿਸਾਨਾਂ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ, ਨੌਜਵਾਨਾਂ, ਔਰਤਾਂ ਅਤੇ ਮੁਲਾਜ਼ਮਾਂ ਸਮੇਤ ਸਮਾਜ ਦੇ ਹੋਰ ਵਰਗਾਂ ਨਾਲ ਵਿਆਪਕ ਗੱਲਬਾਤ ਕਰੇਗੀ।ਇਸ ਦੌਰਾਨ ਲੋਕਾਂ ਦੀਆਂ ਉਮੀਦਾਂ, ਚਿੰਤਾਵਾਂ ਅਤੇ ਤਰਜੀਹਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਵੱਖ-ਵੱਖ ਵਰਗਾਂ ਵੱਲੋਂ ਦਿੱਤੇ ਗਏ ਵਿਚਾਰਾਂ ਅਤੇ ਸੁਝਾਵਾਂ ਨੂੰ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਅਹਿਮ ਆਧਾਰ ਬਣਾਇਆ ਜਾਵੇਗਾ।
2027 ਦੇ ਚੋਣ ਮਨੋਰਥ ਪੱਤਰ ’ਤੇ ਰਹੇਗੀ ਨਜ਼ਰ
ਪਾਰਟੀ ਦਾ ਉਦੇਸ਼ ਅਜਿਹਾ ਚੋਣ ਮਨੋਰਥ ਪੱਤਰ ਤਿਆਰ ਕਰਨਾ ਹੈ, ਜਿਸ ਵਿੱਚ ਪੰਜਾਬ ਦੇ ਲੋਕਾਂ ਦੀਆਂ ਲੋੜਾਂ ਅਤੇ ਉਮੀਦਾਂ ਦੀ ਝਲਕ ਮਿਲੇ। ਇਸ ਲਈ ਕਮੇਟੀ ਵੱਲੋਂ ਲੋਕਾਂ ਨਾਲ ਕੀਤੀ ਜਾਣ ਵਾਲੀ ਗੱਲਬਾਤ ਨੂੰ ਖਾਸ ਮਹੱਤਵ ਦਿੱਤਾ ਜਾਵੇਗਾ।ਹੁਣ ਦੇਖਣਾ ਹੋਵੇਗਾ ਕਿ ਪੰਜਾਬ ਭਰ ਤੋਂ ਮਿਲਣ ਵਾਲੇ ਸੁਝਾਵਾਂ ਦੇ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਆਪਣੇ 2027 ਦੇ ਚੋਣ ਮਨੋਰਥ ਪੱਤਰ ਵਿੱਚ ਕਿਹੜੇ ਮੁੱਦਿਆਂ ਨੂੰ ਤਰਜੀਹ ਦਿੰਦਾ ਹੈ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਰਣਨੀਤੀ ਕੀ ਰਹਿੰਦੀ ਹੈ।
