ਨਵੀਂ ਦਿੱਲੀ: ਕੱਲ੍ਹ ਦਿੱਲੀ ਵਿੱਚ CJP ਦੇ ਸੰਸਦ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਜ਼ਬਰਦਸਤ ਝੜਪ ਹੋਈ ਸੀ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਕਾਰਵਾਈ ਕੀਤੀ, ਜਿਸ ਕਾਰਨ ਹਾਲਾਤ ਤਣਾਅਪੂਰਨ ਬਣ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਝੜਪ ਵਿੱਚ 115 ਤੋਂ 120 ਪੁਲਿਸ ਮੁਲਾਜ਼ਮ ਜ਼ਖਮੀ ਹੋਏ ਹਨ। ਵਧੀਕ ਡੀਸੀਪੀ ਆਨੰਦ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਕਈ ਐਫਆਈਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ। ਜਾਂਚ ਅੱਗੇ ਵਧਣ ਨਾਲ ਹੋਰ ਐਫਆਈਆਰ ਵੀ ਦਰਜ ਹੋ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਘਟਨਾ ਵਾਲੇ ਖੇਤਰ ਵਿੱਚ 100 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ। ਉਨ੍ਹਾਂ ਸਾਰਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। CCTV ਕੈਮਰਿਆਂ ਦੀ ਫੁਟੇਜ, ਸੋਸ਼ਲ ਮੀਡੀਆ ਵੀਡੀਓ ਅਤੇ ਹੋਰ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ “ਅਸੀਂ ਪਹਿਲਾਂ ਹੀ ਇਕ ਟੀਮ ਸਥਾਪਤ ਕਰ ਲਈ ਸੀ ਤਾਂ ਜੋ, ਜੇਕਰ ਲੋੜ ਪਈ, ਤਾਂ ਅਸੀਂ ਤੇਜ਼ੀ ਨਾਲ ਜਾਂਚ ਕਰ ਸਕੀਏ; ਉਹ ਟੀਮ ਇਸ ਸਮੇਂ ਕੰਮ ‘ਤੇ ਹੈ…”।
ਜ਼ਿਕਰਯੋਗ ਹੈ ਕਿ CJP ਵੱਲੋਂ ਸੰਸਦ ਵੱਲ ਮਾਰਚ ਕੱਢਿਆ ਗਿਆ ਸੀ। ਪ੍ਰਦਰਸ਼ਨਕਾਰੀ ਜੰਤਰ-ਮੰਤਰ ਤੋਂ ਸੰਸਦ ਵੱਲ ਵਧਣ ਲੱਗੇ ਤਾਂ ਸੁਰੱਖਿਆ ਬਲਾਂ ਨੇ ਉਨ੍ਹਾਂ ਨੂੰ ਰੋਕਣ ਲਈ ਬੈਰੀਕੇਡ ਲਗਾਏ। ਇਸ ਦੌਰਾਨ ਦੋਵਾਂ ਪਾਸਿਆਂ ਵਿਚਕਾਰ ਧੱਕਾ-ਮੁੱਕੀ ਅਤੇ ਝੜਪ ਹੋ ਗਈ। ਪੁਲਿਸ ਨੇ ਹਾਲਾਤ ਕਾਬੂ ਕਰਨ ਲਈ ਪ੍ਰਦਰਸ਼ਨਕਾਰੀਆਂ ਨੂੰ ਰੋਕਿਆ ਅਤੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ।