Nepal Violence : ਨੇਪਾਲ ਦੇ ਸੁਨਸਰੀ ਜ਼ਿਲ੍ਹੇ ਵਿੱਚ ਕਾਂਵੜ ਯਾਤਰਾ ਦੌਰਾਨ ਸ਼ੁਰੂ ਹੋਇਆ ਵਿਵਾਦ ਹੁਣ ਵੱਡੀ ਸੰਪਰਦਾਇਕ ਹਿੰਸਾ ਵਿੱਚ ਤਬਦੀਲ ਹੋ ਗਿਆ ਹੈ। ਹਿੰਸਾ ਹੁਣ ਸੁਨਸਰੀ ਤੋਂ ਅੱਗੇ ਕਈ ਹੋਰ ਸ਼ਹਿਰਾਂ ਤੱਕ ਫੈਲ ਚੁੱਕੀ ਹੈ। ਕਈ ਥਾਵਾਂ ‘ਤੇ ਪੱਥਰਬਾਜ਼ੀ, ਭੰਨਤੋੜ ਅਤੇ ਪੁਲਿਸ ਨਾਲ ਝੜਪਾਂ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ। ਹਾਲਾਤ ਬੇਕਾਬੂ ਹੋਣ ਤੋਂ ਬਾਅਦ ਪ੍ਰਸ਼ਾਸਨ ਨੇ ਅੱਧਾ ਦਰਜਨ ਤੋਂ ਵੱਧ ਸ਼ਹਿਰਾਂ ਵਿੱਚ ਕਰਫਿਊ ਲਾਗੂ ਕਰ ਦਿੱਤਾ ਹੈ। ਇਸ ਹਿੰਸਾ ਵਿੱਚ ਹੁਣ ਤੱਕ ਤਿੰਨ ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ।
ਕਿਵੇਂ ਸ਼ੁਰੂ ਹੋਇਆ ਵਿਵਾਦ?
ਜਾਣਕਾਰੀ ਅਨੁਸਾਰ ਸੁਨਸਰੀ ਦੇ ਦੇਵਾਨਗੰਜ ਵਿੱਚ ਬੋਲਬਮ ਯਾਤਰਾ ਦੌਰਾਨ ਹਿੰਦੂ ਸ਼ਰਧਾਲੂਆਂ ਅਤੇ ਸਥਾਨਕ ਮੁਸਲਿਮ ਭਾਈਚਾਰੇ ਦੇ ਕੁਝ ਲੋਕਾਂ ਵਿਚਕਾਰ ਪਹਿਲਾਂ ਬਹਿਸ ਹੋਈ।ਸਥਾਨਕ ਰਿਪੋਰਟਾਂ ਮੁਤਾਬਕ, ਇੱਕ ਮੰਦਰ ਦੀ ਜਨਤਕ ਜ਼ਮੀਨ ‘ਤੇ ਮੁਹੱਰਮ ਮੌਕੇ ਲਗਾਏ ਗਏ ਧਾਰਮਿਕ ਝੰਡੇ ਨੂੰ ਹਟਾਉਣ ਨੂੰ ਲੈ ਕੇ ਪਹਿਲਾਂ ਤੋਂ ਹੀ ਵਿਵਾਦ ਚੱਲ ਰਿਹਾ ਸੀ। ਦੋਸ਼ ਹੈ ਕਿ ਕਈ ਵਾਰ ਬੇਨਤੀ ਕਰਨ ਦੇ ਬਾਵਜੂਦ ਝੰਡਾ ਨਹੀਂ ਹਟਾਇਆ ਗਿਆ, ਜਿਸ ਕਾਰਨ ਦੋਵੇਂ ਧਿਰਾਂ ਆਹਮੋ-ਸਾਹਮਣੇ ਆ ਗਈਆਂ।
ਕਾਂਵੜ ਯਾਤਰਾ ਦੌਰਾਨ ਹਮਲੇ ਦਾ ਦਾਅਵਾ, ਹਿੰਸਾ ਭੜਕੀ
ਐਤਵਾਰ ਰਾਤ ਜਦੋਂ ਕਾਂਵੜ (ਬੋਲਬਮ) ਯਾਤਰਾ ਸ਼ੁਰੂ ਹੋ ਰਹੀ ਸੀ ਤਾਂ ਕਾਂਵੜੀਆਂ ‘ਤੇ ਹਮਲਾ ਹੋਣ ਦਾ ਦਾਅਵਾ ਕੀਤਾ ਗਿਆ। ਇਸ ਤੋਂ ਬਾਅਦ ਵਿਵਾਦ ਨੇ ਹਿੰਸਕ ਰੂਪ ਧਾਰ ਲਿਆ। ਪੱਥਰਬਾਜ਼ੀ ਅਤੇ ਦੋਵਾਂ ਧਿਰਾਂ ਵਿਚਾਲੇ ਝੜਪਾਂ ਸ਼ੁਰੂ ਹੋ ਗਈਆਂ। ਸਥਿਤੀ ਨੂੰ ਕਾਬੂ ਕਰਨ ਲਈ ਪੁਲਿਸ ਨੇ ਭੀੜ ਨੂੰ ਖ਼ਦੇੜਣ ਵਾਸਤੇ ਬਲ ਦਾ ਪ੍ਰਯੋਗ ਕੀਤਾ।
ਪੁਲਿਸ ਫਾਇਰਿੰਗ ‘ਚ ਮੌਤਾਂ, ਕਈ ਜ਼ਖ਼ਮੀ
ਸਥਾਨਕ ਲੋਕਾਂ ਦਾ ਦਾਅਵਾ ਹੈ ਕਿ ਪੁਲਿਸ ਦੀ ਗੋਲੀਬਾਰੀ ਵਿੱਚ ਦੋ ਲੋਕਾਂ ਦੀ ਮੌਤ ਹੋਈ, ਜਦਕਿ ਸੱਤ ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਜ਼ਖ਼ਮੀਆਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿੱਚ ਜਾਰੀ ਹੈ। ਕੁੱਲ ਮਿਲਾ ਕੇ ਹੁਣ ਤੱਕ ਹਿੰਸਾ ਵਿੱਚ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।
ਕਈ ਸ਼ਹਿਰਾਂ ਵਿੱਚ ਕਰਫਿਊ, ਫੌਜ ਨੇ ਸੰਭਾਲਿਆ ਮੋਰਚਾ
ਹਿੰਸਾ ਫੈਲਣ ਤੋਂ ਬਾਅਦ ਨੇਪਾਲ ਪ੍ਰਸ਼ਾਸਨ ਨੇ ਇਨਰਵਾ, ਜਨਕਪੁਰ, ਸਿਰਹਾ, ਗੋਲਬਾਜ਼ਾਰ, ਲਹਾਨ ਸਮੇਤ ਕਈ ਸੰਵੇਦਨਸ਼ੀਲ ਸ਼ਹਿਰਾਂ ਵਿੱਚ ਕਰਫਿਊ ਲਾਗੂ ਕਰ ਦਿੱਤਾ ਹੈ।
ਇਨ੍ਹਾਂ ਇਲਾਕਿਆਂ ਵਿੱਚ ਨੇਪਾਲ ਪੁਲਿਸ, ਸਸ਼ਸਤ੍ਰ ਪੁਲਿਸ ਬਲ (APF) ਅਤੇ ਨੇਪਾਲੀ ਫੌਜ ਦੀਆਂ ਵਾਧੂ ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਕਈ ਥਾਵਾਂ ‘ਤੇ ਫੌਜ ਨੇ ਫਲੈਗ ਮਾਰਚ ਕੀਤਾ, ਜਦਕਿ ਹਵਾਈ ਨਿਗਰਾਨੀ ਰਾਹੀਂ ਵੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ।ਇਸ ਤੋਂ ਇਲਾਵਾ ਕਈ ਸ਼ਹਿਰਾਂ ਵਿੱਚ ਇੰਟਰਨੈੱਟ ਸੇਵਾਵਾਂ ‘ਤੇ ਵੀ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਘਰਾਂ ਵਿੱਚ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।
#WATCH | An indefinite curfew has been implemented in Janakpur, Dhanusha of Nepal, after one dead and several injured during the incident of violence in Sunsari district. pic.twitter.com/j2oZA0XydF
— ANI (@ANI) July 30, 2026
Source : ANI
ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਜਤਾਈ ਚਿੰਤਾ
ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਸੁਨਸਰੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਬਣੇ ਤਣਾਅਪੂਰਨ ਹਾਲਾਤ ‘ਤੇ ਗਹਿਰੀ ਚਿੰਤਾ ਜਤਾਈ ਹੈ।ਉਨ੍ਹਾਂ ਦੇਸ਼ ਵਾਸੀਆਂ ਨੂੰ ਸਦੀਆਂ ਤੋਂ ਚੱਲੀ ਆ ਰਹੀ ਸਮਾਜਿਕ, ਧਾਰਮਿਕ ਅਤੇ ਜਾਤੀਕ ਸਾਂਝ, ਆਪਸੀ ਭਾਈਚਾਰੇ ਅਤੇ ਰਾਸ਼ਟਰੀ ਏਕਤਾ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਵੀ ਕੀਤੀ।
ਪੂਰੇ ਨੇਪਾਲ ਵਿੱਚ ਹਾਈ ਅਲਰਟ
ਸੁਨਸਰੀ ਤੋਂ ਸ਼ੁਰੂ ਹੋਈ ਹਿੰਸਾ ਦੇ ਹੋਰ ਸ਼ਹਿਰਾਂ ਵਿੱਚ ਫੈਲਣ ਤੋਂ ਬਾਅਦ ਨੇਪਾਲ ਸਰਕਾਰ ਨੇ ਸੁਰੱਖਿਆ ਏਜੰਸੀਆਂ ਨੂੰ ਹਾਈ ਅਲਰਟ ‘ਤੇ ਰੱਖਿਆ ਹੈ। ਸੰਵੇਦਨਸ਼ੀਲ ਇਲਾਕਿਆਂ ਵਿੱਚ ਸੁਰੱਖਿਆ ਹੋਰ ਕੜੀ ਕਰ ਦਿੱਤੀ ਗਈ ਹੈ ਅਤੇ ਪ੍ਰਸ਼ਾਸਨ ਲਗਾਤਾਰ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹੈ ਤਾਂ ਜੋ ਹਿੰਸਾ ਨੂੰ ਹੋਰ ਫੈਲਣ ਤੋਂ ਰੋਕਿਆ ਜਾ ਸਕੇ।