ਬੈਂਕਾਕ: ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਸਕੂਲ ਵਿੱਚ ਸ਼ੁੱਕਰਵਾਰ ਨੂੰ ਦਿਲ ਦਹਿਲਾ ਦੇਣ ਵਾਲੀ ਗੋਲੀਬਾਰੀ ਦੀ ਘਟਨਾ ਵਾਪਰੀ। ਸ਼ੁਰੂਆਤੀ ਜਾਣਕਾਰੀ ਮੁਤਾਬਕ ਸਕੂਲ ਦੇ ਹੀ ਇੱਕ ਨਾਬਾਲਗ ਵਿਦਿਆਰਥੀ ਨੇ ਕੈਂਪਸ ਅੰਦਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਇਸ ਹਮਲੇ ਵਿੱਚ ਇੱਕ ਅਧਿਆਪਕ ਅਤੇ ਸੱਤ ਵਿਦਿਆਰਥੀਆਂ ਦੀ ਮੌਤ ਹੋ ਗਈ, ਜਦਕਿ ਘੱਟੋ-ਘੱਟ 15 ਵਿਦਿਆਰਥੀ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਐਸੋਸੀਏਟਿਡ ਪ੍ਰੈਸ ਦੀ ਰਿਪੋਰਟ ਅਨੁਸਾਰ, ਹਮਲਾਵਰ ਨੇ ਪਹਿਲਾਂ ਇੱਕ ਅਧਿਆਪਕ ਨੂੰ ਨਿਸ਼ਾਨਾ ਬਣਾਇਆ ਅਤੇ ਫਿਰ ਸਕੂਲ ਦੇ ਵੱਖ-ਵੱਖ ਹਿੱਸਿਆਂ ਵਿੱਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਘਟਨਾ ਤੋਂ ਬਾਅਦ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਦੀ ਉਮਰ 19 ਸਾਲ ਤੋਂ ਘੱਟ ਸੀ। ਸਥਾਨਕ ਮੀਡੀਆ ਮੁਤਾਬਕ ਇਹ ਘਟਨਾ ਡੇਬਸੀਰਿਨ ਨੋਨਥਾਬੁਰੀ ਸਕੂਲ ਵਿੱਚ ਵਾਪਰੀ।
ਗੋਲੀਆਂ ਦੀ ਆਵਾਜ਼ ਸੁਣਦਿਆਂ ਹੀ ਸਕੂਲ ‘ਚ ਮਚੀ ਭਗਦੜ
ਗੋਲੀਬਾਰੀ ਸ਼ੁਰੂ ਹੁੰਦਿਆਂ ਹੀ ਸਕੂਲ ਕੈਂਪਸ ਵਿੱਚ ਹੜਕੰਪ ਮਚ ਗਿਆ। ਵਿਦਿਆਰਥੀ ਅਤੇ ਸਟਾਫ ਆਪਣੀ ਜਾਨ ਬਚਾਉਣ ਲਈ ਕਲਾਸਰੂਮਾਂ ਅਤੇ ਇਮਾਰਤਾਂ ਤੋਂ ਬਾਹਰ ਭੱਜਣ ਲੱਗੇ। ਕੁਝ ਹੀ ਸਮੇਂ ਵਿੱਚ ਐਂਬੂਲੈਂਸਾਂ ਅਤੇ ਐਮਰਜੈਂਸੀ ਸੇਵਾਵਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜ਼ਖਮੀਆਂ ਨੂੰ ਹਸਪਤਾਲ ਭੇਜਿਆ ਗਿਆ।ਇੱਕ 18 ਸਾਲਾ ਵਿਦਿਆਰਥੀ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਲੱਗਿਆ ਸੀ ਕਿ ਪਟਾਕੇ ਚੱਲ ਰਹੇ ਹਨ, ਪਰ ਜਦੋਂ ਲਗਾਤਾਰ ਗੋਲੀਆਂ ਦੀ ਆਵਾਜ਼ ਆਉਣ ਲੱਗੀ ਤਾਂ ਸਾਰਿਆਂ ਵਿੱਚ ਦਹਿਸ਼ਤ ਫੈਲ ਗਈ। ਉਸ ਨੇ ਕਿਹਾ ਕਿ ਕੁਝ ਸਮੇਂ ਲਈ ਚੁੱਪੀ ਰਹੀ ਅਤੇ ਫਿਰ ਮੁੜ ਗੋਲੀਬਾਰੀ ਸ਼ੁਰੂ ਹੋ ਗਈ।
ਸਿੱਖਿਆ ਮੰਤਰੀ ਨੇ ਦਿੱਤੇ ਤੁਰੰਤ ਕਾਰਵਾਈ ਦੇ ਹੁਕਮ
ਘਟਨਾ ਤੋਂ ਬਾਅਦ ਥਾਈਲੈਂਡ ਦੇ ਸਿੱਖਿਆ ਮੰਤਰੀ ਪ੍ਰਾਸਰਟ ਚਾਂਤਾਰੁਆਂਗਥੋਂਗ ਨੇ ਸਿੱਖਿਆ ਮੰਤਰਾਲੇ ਨਾਲ ਸੰਬੰਧਤ ਸਾਰੀਆਂ ਏਜੰਸੀਆਂ ਨੂੰ ਐਮਰਜੈਂਸੀ ਸੇਵਾਵਾਂ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਰਾਹਤ ਅਤੇ ਬਚਾਅ ਕਾਰਜ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ।ਉਨ੍ਹਾਂ ਕਿਹਾ ਕਿ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ ਦੀ ਸੁਰੱਖਿਆ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ। ਨਾਲ ਹੀ ਅਧਿਕਾਰੀਆਂ ਨੂੰ ਜ਼ਖਮੀਆਂ ਅਤੇ ਪ੍ਰਭਾਵਿਤ ਪਰਿਵਾਰਾਂ ਲਈ ਡਾਕਟਰੀ ਅਤੇ ਮਨੋਵਿਗਿਆਨਕ ਸਹਾਇਤਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ।
ਗ੍ਰਾਫਿਕ ਤਸਵੀਰਾਂ ਸਾਂਝੀਆਂ ਨਾ ਕਰਨ ਦੀ ਅਪੀਲ
ਸਿੱਖਿਆ ਮੰਤਰੀ ਨੇ ਲੋਕਾਂ ਅਤੇ ਮੀਡੀਆ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਘਟਨਾ ਨਾਲ ਸਬੰਧਤ ਗ੍ਰਾਫਿਕ ਤਸਵੀਰਾਂ ਜਾਂ ਗੈਰ-ਪੁਸ਼ਟੀਸ਼ੁਦਾ ਜਾਣਕਾਰੀ ਸੋਸ਼ਲ ਮੀਡੀਆ ‘ਤੇ ਸਾਂਝੀ ਨਾ ਕਰਨ। ਉਨ੍ਹਾਂ ਕਿਹਾ ਕਿ ਇਸ ਨਾਲ ਪੀੜਤ ਪਰਿਵਾਰਾਂ ਦੀ ਨਿੱਜਤਾ ਪ੍ਰਭਾਵਿਤ ਹੋ ਸਕਦੀ ਹੈ ਅਤੇ ਉਨ੍ਹਾਂ ਦਾ ਮਾਨਸਿਕ ਦੁੱਖ ਹੋਰ ਵੱਧ ਸਕਦਾ ਹੈ।
ਥਾਈਲੈਂਡ ‘ਚ ਬੰਦੂਕ ਹਿੰਸਾ ਚਿੰਤਾ ਦਾ ਵਿਸ਼ਾ
ਰਿਪੋਰਟਾਂ ਅਨੁਸਾਰ, ਜਿਸ ਖੇਤਰ ਵਿੱਚ ਇਹ ਗੋਲੀਬਾਰੀ ਹੋਈ, ਉੱਥੇ ਬੰਦੂਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਅੰਦਾਜ਼ਾ ਹੈ ਕਿ ਥਾਈਲੈਂਡ ਵਿੱਚ ਲਗਭਗ ਇੱਕ ਕਰੋੜ ਬੰਦੂਕਾਂ ਮੌਜੂਦ ਹਨ, ਜਿਸ ਦਾ ਮਤਲਬ ਹੈ ਕਿ ਹਰ ਸੱਤ ਲੋਕਾਂ ਵਿੱਚੋਂ ਇੱਕ ਕੋਲ ਬੰਦੂਕ ਹੈ। ਸਖ਼ਤ ਕਾਨੂੰਨਾਂ ਦੇ ਵਾਅਦਿਆਂ ਦੇ ਬਾਵਜੂਦ ਦੇਸ਼ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।
ਸਾਲ 2022 ਵਿੱਚ ਵੀ ਇੱਕ ਸਾਬਕਾ ਪੁਲਿਸ ਕਰਮਚਾਰੀ ਨੇ ਉੱਤਰੀ ਥਾਈਲੈਂਡ ਦੀ ਇੱਕ ਨਰਸਰੀ ਵਿੱਚ ਦਾਖਲ ਹੋ ਕੇ 24 ਬੱਚਿਆਂ ਅਤੇ 12 ਬਾਲਗਾਂ ਦੀ ਹੱਤਿਆ ਕਰ ਦਿੱਤੀ ਸੀ, ਜਿਸ ਨੂੰ ਦੇਸ਼ ਦੇ ਸਭ ਤੋਂ ਭਿਆਨਕ ਕਤਲੇਆਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।